Kalam Kalam
Profile Image
Ramesh Sethi Badal
11 months ago

ਅਣ ਸੁਲਝੇ ਸਵਾਲ

#ਅਣਸੁਲਝੇ_ਸਵਾਲ। "ਸਾਸਰੀ ਕਾਲ ਸਾਹਿਬ ਜੀ।" ਸਵੇਰੇ ਸਵੇਰੇ ਜਦੋਂ ਮੈਂ ਅਜੇ ਕੋਠੀ ਚ ਬਣੇ ਲਾਣ ਵਿੱਚ ਬੈਠਾ ਅਖਬਾਰ ਪੜ੍ਹ ਰਿਹਾ ਸੀ। ਤਾਂ ਮੇਰੀ ਸਾਬਕਾ ਕੁਲੀਗ ਨੇ ਕਿਹਾ। "ਆਜੋ ਬੀਬੀ ਬੈਠੋ। ਕਿਵੇਂ ਦਰਸ਼ਨ ਦਿੱਤੇ।" ਮੈਂ ਯਕਦਮ ਪੁੱਛਿਆ। ਕਿਉਂਕਿ ਤਿੰਨ ਕ਼ੁ ਮਹੀਨੇ ਹੋਗੇ ਮੈਨੂੰ ਰਿਟਾਇਰ ਹੋਏ ਨੂੰ। ਦਫਤਰੋਂ ਘੱਟ ਵੱਧ ਹੀ ਲੋਕ ਗੇੜਾ ਮਾਰਦੇ ਸਨ। ਇਸ ਲਈ ਸਫਾਈ ਸੇਵਿਕਾ ਨੂੰ ਵੇਖਕੇ ਥੋੜੀ ਹੈਰਾਨੀ ਹੋਈ। ਸ਼ਾਇਦ ਪੈਸੇ ਉਧਾਰੇ ਮੰਗਣ ਆਈ ਹੋਵੇਗੀ। ਮੈਂ ਕਿਆਸ ਲਗਾਇਆ। ਪਹਿਲਾਂ ਵੀ ਉਹ ਪੈਸੇ ਉਧਾਰੇ ਲੈ ਜਾਂਦੀ ਸੀ। "ਸਰ ਜੀ ਸੋਡਾ ਆਹ ਦੋ ਸੌ ਰੁਪਏ ਦੇਣੇ ਸੀ। ਉਹ ਦੇਣ ਆਈ ਸੀ। ਲੌਕ ਡਾਊਨ ਕਰਕੇ ਪਹਿਲਾ ਤਨਖਾਹ ਨਹੀਂ ਮਿਲੀ। ਕੱਲ੍ਹ ਮਿਲੀ ਸੀ ਸੋਚਿਆ ਸਾਹਿਬ ਜੀ ਦੀ ਉਧਾਰ ਉਤਾਰਾਂ ਪਹਿਲਾਂ।" "ਕੋਈ ਨਾ ਬੀਬੀ। ਪੈਸਿਆਂ ਨੂੰ ਕੀ ਸੀ। ਲੋੜ ਹੋਊ ਤੈਨੂੰ। ਇਸ ਮਹਾਂਮਾਰੀ ਚ।" ਹਮਦਰਦੀ ਵਿਖਾਉਂਦੇ ਹੋਏ ਨੇ ਕਿਹਾ। "ਨਾ ਸਰ ਜੀ। ਤੁਸੀਂ ਸਾਡੇ ਗਰੀਬਾਂ ਤੇ ਬਹੁਤ ਅਹਿਸਾਨ ਕੀਤੇ ਹਨ। ਬਹੁਤਿਆਂ ਨੂੰ ਰੋਜ਼ਗਾਰ ਦਿੱਤਾ। ਸਮੇ ਸਮੇ ਤੇ ਪੈਸੇ ਟਕੇ ਦੀ ਮਦਦ ਵੀ ਕੀਤੀ ਹੈ। ਕਿਵੇਂ ਭੁੱਲ ਜਾਈਏ? ਉਸਨੇ ਕਿਹਾ। "ਹਾਂ ਸੱਚ ਮੈਂ ਸੁਣਿਆ ਹੈ ਕਿ ਸੋਡੀ ਰੀਟੈਰਮੇਂਟ ਤੋਂ ਬਾਦ ਬਹੁਤ ਲ਼ੋਕ ਤੁਹਾਡੇ ਪੈਸੇ ਮੁਕਰ ਗਏ। ਸੋਡੇ ਕੀਤੇ ਅਹਿਸਾਨਾਂ ਨੂੰ ਭੁੱਲ ਗਏ। ਬਾਹਲੇ ਅਹਿਸਾਨ ਫਰਾਮੋਸ਼ ਹਨ ਲ਼ੋਕ।" ਉਸਨੇ ਆਪਣੀ ਗੱਲ ਜਾਰੀ ਰੱਖਦੇ ਹੋਈ ਨੇ ਕਿਹਾ। "ਉਹ ਤਾਂ ਹੈ ਬੀਬੀ। ਜਿੱਥੇ ਹਜ਼ਾਰਾਂ ਲੱਖਾਂ ਗਏ। ਫਿਰ ਸੈਕੜਿਆਂ ਦਾ ਕੀ ਲੇਖਾ।" ਤੇ ਮੇਰੇ ਮੂੰਹੋ ਸੁਭਾਉਕੀ ਨਿਕਲਿਆ। "ਨਾ ਸਰ ਜੀ। ਮੈਂ ਨਹੀਂ ਚਾਹੁੰਦੀ ਕਿ ਜਦੋਂ ਕਦੇ ਤੁਸੀਂ ਪੈਸੇ ਤੇ ਅਹਿਸਾਨ ਤੋਂ ਮੁਕਰਨ ਵਾਲਿਆਂ ਦਾ ਜ਼ਿਕਰ ਕਰੋ ਤਾਂ ਮੇਰਾ ਨਾਮ ਵੀ ਵਿੱਚ ਆਵੇ। ਹਾਂ ਤੁਹਾਡੇ ਅਹਿਸਾਨਾਂ ਦਾ ਕਰਜ਼ ਤਾਂ ਨਹੀਂ ਚੁਕਾਇਆ ਜ਼ਾ ਸਕਦਾ। ਪੈਸੇ ਤੋਂ ਮੁਕਰਨਾ ਇਨਸਾਨੀਅਤ ਨਹੀਂ। ਰੱਬ ਨੂੰ ਜਾਨ ਦੇਣੀ ਹੈ।" ਉਸਨੇ ਗੱਲ ਸ਼ਾਫ ਕੀਤੀ। "ਚੰਗੀ ਗੱਲ ਹੈ ਬੀਬੀ। ਬੰਦਾ ਵਿਹਾਰ ਦਾ ਸਾਫ ਹੋਣਾ ਚਾਹੀਦਾ ਹੈ।" ਮੇਰੇ ਮੂੰਹੋਂ ਨਿਕਲਿਆ। "ਸਰਜੀ ਆਹ ਘਰੇ ਲੱਗੀਆਂ ਦੇਸੀ ਗੰਵਾਰੇ ਦੀਆਂ ਫਲੀਆਂ ਲਿਆਈ ਸੀ। ਗੁਰੂ ਦੀ ਸੋਂਹ ਮੈਂ ਹੱਥ ਵੀ ਨਹੀਂ ਲਾਇਆ। ਸਾਡੇ ਗੁਆਂਢਣ ਪੰਡਤਾਣੀ ਕੋਲੋ ਤੁੜਵਾਈਆਂ ਹਨ। ਜਵਾਂ ਸੁੱਚੀਆਂ ਹਨ।" ਉਹ ਫਰਸ਼ ਤੇ ਰੱਖਕੇ ਮੁੜ ਗਈ ਮੈਂ ਉਸਨੂੰ ਚਾਹ ਦੀ ਸੁਲ੍ਹਾ ਵੀ ਨਾ ਮਾਰ ਸਕਿਆ। ਤੇ ਉਹ ਮੇਰੇ ਲਈ ਕਈ ਅਣਸੁਲਝੇ ਸਵਾਲ ਛੱਡ ਗਈ। #ਰਮੇਸ਼ਸੇਠੀਬਾਦਲ

Please log in to comment.

More Stories You May Like