ਗੱਡੀ ਤੇ ਲੁਧਿਆਣੇ ਜਾ ਰਿਹਾ ਸੀ ਕਿ ਰਾਸਤੇ ਚ ਕਿਸੇ ਅੱਧਖੜ੍ਹ ਉਮਰ ਦੀ ਔਰਤ ਨੇ ਰੁਕਣ ਲਈ ਇਸ਼ਾਰਾ ਕੀਤਾ । ਉਸਦੇ ਨਾਲ ਸੋਲ੍ਹਾਂ ਕੁ ਸਾਲ ਦੀ ਕੁੜੀ ਸੀ । ਔਰਤ ਦੇ ਬਾਂਹ ਤੇ ਸ਼ਬੀਨਾ ਨਾਮ ਖੁਣਵਾਇਆ ਹੋਇਆ ਸੀ । ਮੈਂ ਗੱਡੀ ਰੋਕੀ ਤੇ ਉਹ ਦੋਵੇਂ ਕੋਲ ਆ ਗਈਆਂ ।ਮੈਂ ਕਾਰ ਦਾ ਸ਼ੀਸ਼ਾ ਹੇਠਾਂ ਕੀਤਾ ਤਾਂ ਉਹ ਔਰਤ ਦੁਪੱਟਾ ਠੀਕ ਕਰਦੀ ਕਹਿਣ ਲੱਗੀ , “ਪਰਲੇ ਚੌਂਕ ਚ ਉਤਾਰ ਦਿਉਗੇ ....” ਮੇਰੇ ਕੁਛ ਬੋਲਣ ਤੋਂ ਪਹਿਲਾਂ ਹੀ ਉਹ ਦੂਜੇ ਪਾਸੇ ਆ ਕਾਰ ਦੀ ਬਾਰੀ ਖੋਲ੍ਹ ਗੱਡੀ ਦੀ ਪਿਛਲੀ ਸੀਟ ਤੇ ਉਸ ਜਵਾਨ ਕੁੜੀ ਨਾਲ ਬੈਠ ਗਈ । ਮੈਂ ਗੱਡੀ ਚਲਾਉਣ ਲੱਗਾ ਤੇ ਸ਼ੀਸ਼ੇ ਚ ਪਿੱਛੇ ਚੋਰੀ ਜੇਹੇ ਵੇਖ ਰਿਹਾ ਸੀ ਕਿਉਂਕਿ ਮੇਰੇ ਮਨ ਚ ਡਰ ਜੇਹਾ ਸੀ ਕਿ ਕਿਤੇ ਕੋਈ ਲੁਟੇਰੀਆਂ ਹੀ ਨਾ ਹੋਣ ਤੇ ਮੈਨੂੰ ਮਾਰ ਕੇ ਸੁੱਟ ਜਾਣ । ਮੇਰੀ ਚੋਰ ਨਜ਼ਰ ਨੂੰ ਸ਼ਬੀਨਾ ਨੇ ਵੇਖ ਲਿਆ ਤੇ ਕਹਿਣ ਲੱਗੀ ਕਿ ਤੇਰਾ ਅਹਿਸਾਨ ਆ ਸਾਡੇ ਤੇ , ਘਰ ਛੇਤੀ ਜਾਣਾ ਸੀ ... ਪੈਹੇ ਤਾਂ ਹੈਨੀ ਸਾਡੇ ਕੋਲ ਪਰ ਤੂੰ ਸਾਡੇ ਨਾਲ ਕੁਛ ਮਰਜ਼ੀ ਕਰ ਲੈ । ਸਾਡਾ ਤਾਂ ਧੰਦਾ ਹੀ ਆਹਾ ਏ ...। ਮੈਂ ਉਸਦੀ ਗੱਲ ਸੁਣ ਸੁੰਨ ਜੇਹਾ ਹੋ ਗਿਆ ਤੇ ਦੁਬਾਰਾ ਜੁਰੱਅਤ ਹੀ ਨਹੀਂ ਪਈ ਕਿ ਪਿੱਛੇ ਮੁੜ ਕੇ ਦੇਖ ਲਵਾਂ । ਮੰਟੋ ਦੀਆਂ ਕਹਾਣੀਆਂ ਦਿਮਾਗ ਚ ਘੁੰਮਣ ਲੱਗੀਆਂ । ਜਦੋਂ ਉਹ ਚੌਂਕ ਤੇ ਉਤਰਨ ਲੱਗੀਆਂ ਤਾਂ ਮੇਰੇ ਤੋਂ ਰਿਹਾ ਨਾ ਗਿਆ ਕਿ ਐਡੀ ਕੀ ਮਜ਼ਬੂਰੀ ਸੀ ਕਿ ਨਿੱਕੀ ਜੇਹੀ ਕੁੜੀ ਨੂੰ ਆਵਦੇ ਨਾਲ ਦਲਦਲ ਚ ਖਿੱਚ ਲਿਆ । ਸ਼ਬੀਨਾ ਨੇ ਕਿਹਾ ਕਿ ਆ ਜਾ ਘਰ ,ਦੱਸਦੀ ਆ । ਮੈਂ ਜਾਣਨ ਦੀ ਉਤਸੁਕਤਾ ਨਾਲ ਗੱਡੀ ਪਾਸੇ ਲਾ ਕੇ ਉਹਨਾਂ ਨੇ ਪਿੱਛੇ ਪਿੱਛੇ ਚੱਲ ਪਿਆ । ਨਿੱਕਾ ਜੇਹਾ ਘਰ ਸੀ, ਗਲੀ ਤੋਂ ਵੀ ਭੀੜਾ । ਇੱਕ ਕਮਰਾ ਤੇ ਵਿੱਚੇ ਹੀ ਇੱਕ ਪਾਸੇ ਚੁੱਲਾ ਤੇ ਰਸੋਈ ਦਾ ਸਮਾਨ ਰੱਖਿਆ ਹੋਇਆ ਸੀ । ਇੱਕ ਗੁੱਠੇ ਮੰਜੇ ਤੇ ਕੁਛ ਇੱਕਠਾ ਹੋਇਆ ਪਿਆ ਸੀ । ਸ਼ਬੀਨਾ ਨੇ ਕਮਰੇ ਚ ਵੜ੍ਹਦੀ ਨੇ ਸਭ ਤੋਂ ਪਹਿਲਾਂ ਮੇਜ਼ ਤੇ ਪਈ ਕ੍ਰਿਸ਼ਨ ਦੀ ਮੂਰਤੀ ਨੂੰ ਮੱਥਾ ਟੇਕਿਆ ਤੇ ਫਿਰ ਗੁੱਠ ‘ਚ ਪਏ ਮੰਜੇ ਕੋਲ ਗਈ ਤੇ ਕੋਲ ਜਾ ਕੇ ਕਹਿੰਦੀ ਕਿ ਅਸੀਂ ਆ ਗਈਆਂ । ਲਾਸ਼ ਬਣਿਆ ਪਿਆ ਉਹ ਕੁੰਗੜ ਕੇ ਸੁੱਤੇ ਸ਼ਬੀਨਾ ਦੇ ਘਰਵਾਲੇ ਅਫ਼ਜਲ ਨੇ ਹਿੱਲਜੁਲ ਕੀਤੀ ਤੇ ਮੇਰੇ ਵੱਲ ਮੂੰਹ ਭਵਾਂ ਇਸ਼ਾਰੇ ਚ ਪੁੱਛਿਆ ਕਿ ਇਹ ਕੌਣ ਏ ? ਸ਼ਬੀਨਾ ਨੇ ਅਫ਼ਜਲ ਦਾ ਕੋਈ ਜਵਾਬ ਨਾ ਦਿੱਤਾ ਤੇ ਆਵਦਾ ਜੂੜਾ ਠੀਕ ਕਰਦੀ ਮੈਨੂੰ ਦੱਸਣ ਲੱਗੀ ਕਿ ਅਫ਼ਜਲ ਤੇ ਮੇਰੀ ਲਵ ਮੈਰਿਜ ਸੀ ,ਉਦੋਂ ਇਹ ਸਮੋਸਿਆ ਦੀ ਗੋਲ ਗੱਪਿਆਂ ਦੀ ਰੇੜੀ ਲਗਾਉਂਦਾ ਸੀ । ਘਰ ਦਾ ਖ਼ਰਚਾ ਵਧੀਆ ਚੱਲਦਾ ਸੀ । 100 ਖ਼ਰਚ ਕੇ 2000 ਦੇ ਗੋਲਗੱਪੇ ਰੋਜ਼ ਵਿਕ ਜਾਂਦੇ ਸੀ । ਇੱਕ ਦਿਨ ਅਫ਼ਜ਼ਲ ਨੂੰ ਅਧਰੰਗ ਹੋ ਗਿਆ ਉਦੋਂ ਮੇਰੀ ਧੀ 8 ਕੁ ਸਾਲ ਦੀ ਸੀ । ਥੋੜਾ ਚਿਰ ਮੈਂ ਰੇੜੀ ਚਲਾਈ ਤਾਂ ਲੋਕ ਟਿਕਣ ਨਹੀਂ ਦਿੰਦੇ ਸੀ । ਗੋਲਗੱਪੇ ਖਾਣ ਆਉਂਦੇ ਤਾਂ ਪੁੱਠੀਆਂ ਹਰਕਤਾਂ ਕਰਦੇ ਤੇ ਅੱਕ ਕੇ ਮੈਂ ਰੇੜੀ ਬੰਦ ਕਰ ਦਿੱਤੀ । ਸਾਡਾ ਘਰ ਵਿਕ ਗਿਆ ।ਮਰਦੀ ਕੀ ਨਾ ਕਰਦੀ ਤੇ ਇਹ ਰਾਹ ਅਪਣਾਉਣਾ ਪਿਆ । ਢਿੱਡ ਤੋਂ ਮਜ਼ਬੂਰ ਹੋ ਆਵਦੇ ਜਿਸਮ ਨੂੰ ਰੋਜ਼ ਵੇਚਿਆ । ਢਲਦੇ ਸਰੀਰ ਦਾ ਮੁੱਲ ਘੱਟ ਪੈਣ ਲੱਗਾ ਤਾਂ ਧੀ ਨੂੰ ਆਵਦੇ ਨਾਲ ਇਸ ਕੰਮ ਤੇ ਲਾ ਲਿਆ । ਕੀ ਕਰਦੀ .... ਐਨਾ ਕਹਿ ਉਹ ਰੋਣ ਲੱਗ ਗਈ । ਅੱਜ ਇੱਕ ਪੁਲਿਸ ਵਾਲੇ ਕੋਲ ਸੀ , ਉਹ ਜਿਸਮ ਨਾਲ ਖੇਡਿਆ ਤੇ ਪੈਸੇ ਮੰਗਣ ਤੇ ਠੁੱਡਾ ਮਾਰ ਚਲਾ ਗਿਆ । ਕੱਲ੍ਹ ਨੂੰ ਅਫ਼ਜ਼ਲ ਦੀ ਦਵਾਈ ਲੈਣ ਜਾਣਾ ਕੋਲ ਇੱਕ ਰੁਪਇਆ ਨਹੀਂ ਏ ।ਮੱਦਦ ਕਰ ਦਿਉ ਜੇ ਕਰ ਸਕਦੇ ਤਾਂ । ਸਾਡੇ ਦੋਹਾਂ ਚੋ ਕਿਸੇ ਨਾਲ ਵੀ ਸੌਂ ਜਾਣਾ । ਮੈਂ ਐਨਾ ਸ਼ਰਮਿੰਦਾ ਹੋਇਆ ਕਿ ਚਿੱਤ ਕੀਤਾ ਕਿ ਰੱਬ ਨੂੰ ਗਾਲ੍ਹ ਕੱਢ ਦੇਣਾ ਕਿ ਸਾਲਾ ! ਐਨਾ ਮਜ਼ਬੂਰ ਕਿਉਂ ਕਰਦਾ ਢਿੱਡ ਪਿੱਛੇ । ਮੈਂ ਬਟੂਏ ਚੋ 2000 ਦਾ ਨੋਟ ਕੱਢਿਆ ਤੇ ਉੱਥੇ ਮੇਜ਼ ਤੇ ਰੱਖ ਦਬਾਦਬ ਘਰ ਤੋਂ ਬਾਹਰ ਆ ਗਿਆ । ਘਰ ਪੁੱਜਾ ਤਾਂ ਮੇਰੀ ਧੀ ਤੇ ਮੇਰੀ ਭੈਣ ਸੋਫ਼ੇ ਤੇ ਬੈਠੀਆਂ ਮੈਨੂੰ ਉਡੀਕ ਰਹੀਆਂ ਸੀ । ਮੈਂ ਦੋਹਾਂ ਦੇ ਸਿਰ ਪਲੋਸੇ ਤੇ ਆਵਦੇ ਕਮਰੇ ਚ ਚਲਾ ਗਿਆ । ਧੀ ਨੇ ਰੋਟੀ ਦਾ ਪੁੱਛਿਆ ਤਾਂ ਮੈਂ ਕਿਹਾ ਕਿ ਬਾਹਰੋਂ ਖਾ ਲਈ ਸੀ । ਰੋਜ਼ ਰਾਤ ਨੂੰ ਸੌਂਣ ਤੋਂ ਪਹਿਲਾਂ ਮੈਂ ਇੰਸਟਾ ਤੇ ਅੱਧਨੰਗੀਆਂ ਕੁੜੀਆਂ ਦੀਆਂ ਫੋਟੋ ਦੇਖ ਕੇ ਖੁਸ਼ ਹੁੰਦਾ ਪਰ ਅੱਜ ਦੀ ਘਟਨਾ ਤੋਂ ਬਾਅਦ ਮੇਰੇ ਅੰਦਰੋਂ ਕਿੰਨੀਆਂ ਭੁੱਖਾਂ ਤੇ ਸਵਾਲ ਮਿਟ ਗਏ ਸੀ । ਮੈਂ ਅਫ਼ਜ਼ਲ ਵਾਂਗ ਕੁੰਗੜ ਕੇ ਬੈੱਡ ਦੇ ਇੱਕ ਪਾਸੇ ਸੁੰਗੜ ਕੇ ਸੌਂ ਗਿਆ । #brarjessy
Please log in to comment.