ਸਾਡੇ ਦਾਦੀ ਜੀ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀ ਕਿ ਇੱਕ ਵਾਰ ਕਿਸੇ ਦੇ ਘਰ ਇੱਕ ਪ੍ਰਾਹੁਣਾ (ਮਹਿਮਾਨ) ਆ ਗਿਆ l ਕਈ ਦਿਨ ਰਿਹਾ,ਪਰ ਫਿਰ ਵਾਪਿਸ ਜਾਣ ਦਾ ਨਾਂ ਹੀ ਨਾ ਲਵੇ l ਉਹ ਘਰ ਵਾਲੇ ਤੰਗ ਆ ਗਏ ਕਿ ਇਹ ਤਾਂ ਪੱਕਾ ਅੱਡਾ ਹੀ ਜਮ੍ਹਾ ਕੇ ਬਹਿ ਗਿਆ l ਫਿਰ ਉਹ ਸਕੀਮ ਲਾਣ ਲੱਗ ਪਏ ਕਿ ਇਸ ਪ੍ਰਾਹੁਣੇ ਨੂੰ ਕਿਸ ਤਰਾਂ ਭਜਾਇਆ ਜਾਵੇ l ਆਖਿਰ ਨੂੰ ਉਸ ਪਤੀ ਅਤੇ ਪਤਨੀ ਨੇ ਸਕੀਮ ਲਗਾਈ ਕਿ ਜਦੋਂ ਪ੍ਰਾਹੁਣਾ ਘਰ ਦੇ ਬਾਹਰ ਮੰਜੇ ਤੇ ਬੈਠਾ ਹੋਵੇਗਾ, ਅਸੀਂ ਘਰ ਦੇ ਅੰਦਰ ਲੜ ਪਾਵਾਂਗੇ l ਉਸ ਔਰਤ ਦਾ ਪਤੀ ਕਹਿੰਦਾ ਕਿ ਮੈਂ ਤੈਨੂੰ ਝੂਠੀ - ਮੁੱਠੀ ਡੰਡੇ ਮਾਰਾਂਗਾ ਤੇ ਤੂੰ ਝੂਠੀ -ਮੁੱਠੀ ਚੀਕਾਂ ਮਾਰਨੀਆਂ ਸ਼ੁਰੂ ਕਰ ਦੇਵੀਂ, ਫਿਰ ਪ੍ਰਾਹੁਣਾ ਆਪਣੇ -ਆਪ ਇਥੋਂ ਦੌੜ ਜਾਵੇਗਾ l ਸੋ ਸਕੀਮ ਅਨੁਸਾਰ ਜਦੋਂ ਪ੍ਰਾਹੁਣਾ ਘਰ ਦੇ ਬਾਹਰ ਮੰਜੇ ਤੇ ਬੈਠਾ ਸੀ ਤਾਂ ਘਰਵਾਲੇ ਨੇ ਆਪਣੀ ਘਰਵਾਲੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ l ਘਰਵਾਲਾ ਸੋਟੀ ਕੰਧ ਵਿੱਚ ਮਾਰਦਾ ਸੀ ਤੇ ਉਸਦੀ ਘਰਵਾਲੀ ਨੇ ਚੀਕ -ਚਿਹਾੜਾ ਪਾਣਾ ਸ਼ੁਰੂ ਕਰ ਦਿੱਤਾ l ਪ੍ਰਾਹੁਣੇ ਨੇ ਦੇਖਿਆ ਕਿ ਇਹ ਦੋਨੋਂ ਆਪਸ ਵਿੱਚ ਲੜ ਪਏ ਹਨ ਤਾਂ ਉਸ ਨੇ ਆਪਣਾ ਮੰਜਾ ਚੁੱਕਿਆ ਤੇ ਘਰ ਦੇ ਪਿਛਲੇ ਪਾਸੇ ਚਲਾ ਗਿਆ l ਹੁਣ ਕੁੱਝ ਟਾਈਮ ਬਾਦ ਉਹ ਪਤੀ -ਪਤਨੀ ਘਰ ਦੇ ਅੰਦਰ ਤੋਂ ਬਾਹਰ ਆਏ ਤਾਂ ਦੇਖਿਆ ਕਿ ਪ੍ਰਾਹੁਣਾ ਗਾਇਬ ਸੀ ਤਾਂ ਉਹ ਦੋਨੋਂ ਖੁਸ਼ੀ ਵਿੱਚ ਨੱਚਣ ਲੱਗ ਪਏ ਤੇ ਕਹਿਣ ਲੱਗ ਪਏ --- ਪਤੀ ----- ਦੇਖ ਮੇਰੀ ਹੋਸ਼ਿਆਰੀ, ਮੈਂ ਸੋਟੀ ਕੰਧ ਵਿੱਚ ਮਾਰੀ, ਕੁੱਟੀ ਮੈਂ ਵੀ ਨਾ!! ਪਤਨੀ -----ਮੇਰਾ ਨਾਂ ਕਰਤਾਰੀ, ਮੈਂ ਸੁੱਕੀ ਚੀਕ ਮਾਰੀ, ਰੋਈ ਮੈਂ ਵੀ ਨਾ!!! ਇਹ ਸੁਣ ਕਿ ਪ੍ਰਾਹੁਣਾ ਵੀ ਘਰ ਦੇ ਪਿਛਲੇ ਪਾਸੇ ਤੋਂ ਮੰਜਾ ਚੁੱਕ ਕੇ ਘਰ ਦੇ ਵਿਹੜੇ ਵਿੱਚ ਆ ਕੇ ਕਹਿਣ ਲੱਗਾ, " ਮੇਰਾ ਨਾਂ ਗੁਰਦਿੱਤਾ, ਮੰਜਾ ਚੁੱਕ ਪਿਛਵਾੜੇ ਸੁੱਤਾ, ਗਿਆ ਮੈਂ ਵੀ ਨਾ !" -ਤਰਸੇਮ ਸਹਿਗਲ
Please log in to comment.