Kalam Kalam

ਜਿੰਦਗੀ ਦਾ ਮੋਂਹ

#ਜਿੰਦਗੀ_ਦਾ_ਮੋਂਹ "ਇਹ ਗਿਲੇ-ਸ਼ਿਕਵੇ, ਝੋਰੇ-ਝੋਖੇ ਰੱਬ ਇਸ ਉਮਰ ਵਿੱਚ ਵਧਾ ਦਿੰਦਾ ਹੈ, ਤਾਂ ਕਿ ਇਨਸਾਨ ਦਾ ਜਿੰਦਗੀ ਨਾਲੋਂ ਮੋਂਹ ਘਟ ਜਾਵੇ ਅਤੇ ਉਹ ਅੱਗੇ ਜਾਣ ਦੀ ਤਿਆਰੀ ਕਰੇ।" ਘਰੇਲੂ ਚਿੰਤਾਵਾਂ ਕਰਦੇ ਹੋਏ ਜਦੋਂ ਮੈਂ ਬਹੁਤ ਨਿਢਾਲ ਹੋ ਜਾਂਦੀ ਹਾਂ, ਤਾਂ ਇਹ ਮੈਨੂੰ ਇੰਝ ਹੀ ਸਮਝਾਉਂਦੇ ਹਨ। ਖੈਰ, ਇਹਨਾਂ ਦੀ ਗੱਲ ਵੀ ਸਹੀ ਹੈ। ਵੱਧਦੀ ਉਮਰ ਤੋਂ ਬਾਅਦ ਬਹੁਤਾ ਮੋਂਹ ਵੀ ਨਹੀਂ ਚਾਹੀਦਾ। ਜਿੰਦਗੀ ਫਕੀਰਾਂ ਵਰਗੀ ਹੋਣੀ ਚਾਹੀਦੀ ਹੈ। ਬੱਸ ਬੁਲਾਵਾ ਆਉਣ 'ਤੇ ਇਨਸਾਨ ਝੋਲਾ ਚੁੱਕ ਕੇ ਤੁਰ ਪਵੇ। ਇਹ ਝੋਲਾ ਕੋਈ ਗਹਿਣੇ-ਗੱਟੇ ਜਾਂ ਮਾਇਆ-ਮੋਹ ਦਾ ਭਰਿਆ ਨਹੀਂ ਹੁੰਦਾ। ਇਸ ਵਿੱਚ ਤਾਂ ਬੰਦੇ ਦੇ ਕਰਮ ਹੁੰਦੇ ਹਨ, ਅਤੇ ਕਰਮ ਹੀ ਨਾਲ ਜਾਂਦੇ ਹਨ। "ਪਤਾ ਨਹੀਂ ਰੱਬ ਮੈਨੂੰ ਹੀ ਇੰਨੇ ਦੁੱਖ ਕਿਉਂ ਦਿੰਦਾ ਹੈ। ਸਾਰੀਆਂ ਚਿੰਤਾਵਾਂ ਮੇਰੇ ਹਿੱਸੇ ਹੀ ਆਈਆਂ ਹਨ।" ਮੇਰੀ ਮਾਂ ਵੀ ਫੋਨ 'ਤੇ ਗੱਲ ਕਰਦੀ-ਕਰਦੀ ਅਕਸਰ ਇਹੀ ਆਖਦੀ। ਉਹ ਉੱਡਣ ਵਾਲੀਆਂ ਗੱਲਾਂ ਕਰਦੀ। "ਖੌਰੇ ਰੱਬ ਮੇਰੇ ਮੂੰਹੋਂ ਹੀ ਅਖਵਾਉਂਦਾ ਹੈ। ਨਹੀਂ ਤਾਂ ਕਿਸ ਦਾ ਜੀਅ ਕਰਦਾ ਹੈ ਇਹ ਰੰਗਲੀ ਦੁਨੀਆਂ ਛੱਡ ਕੇ ਜਾਣ ਨੂੰ? ਇਹ ਝੋਰੇ-ਝੋਖੇ ਅਤੇ ਬੇਵਜ੍ਹਾ ਦੀਆਂ ਚਿੰਤਾਵਾਂ ਹੀ ਬੰਦੇ ਦਾ ਮੂੰਹ ਮੋੜ ਦਿੰਦੀਆਂ ਹਨ ਜਿੰਦਗੀ ਤੋਂ।" ਉਹ ਗੱਲਾਂ ਕਰਦੀ-ਕਰਦੀ ਆਪਣੇ ਜਾਣ ਦੀ ਗੱਲ ਕਰ ਦਿੰਦੀ। ਮੈਨੂੰ ਲੱਗਦਾ, ਇਹ ਇੰਨੀ ਅੱਕੀ ਕਿਉਂ ਪਈ ਹੈ? ਮੌਤ ਤੋਂ ਜਿਵੇਂ ਡਰ ਹੀ ਨਹੀਂ ਲੱਗਦਾ ਇਹਨੂੰ। ਔਲਾਦ 'ਤੇ, ਖਾਸ ਕਰ ਮੇਰੇ ਵਰਗੀ ਧੀ 'ਤੇ ਭੋਰਾ ਵੀ ਤਰਸ ਨਹੀਂ ਆਉਂਦਾ ਇਹਨੂੰ। ਇਹ ਕਿਹੋ ਜਿਹੀ ਮਾਂ ਹੈ, ਜਿਹੜੀ ਧੀ 'ਤੇ ਵੀ ਤਰਸ ਨਹੀਂ ਕਰਦੀ। ਹੁਣ ਜਦੋਂ ਮੈਂ ਸੱਤਰਾਂ ਨੂੰ ਢੁੱਕਣ ਵਾਲੀ ਹਾਂ, ਤਾਂ ਧੀਆਂ-ਪੁੱਤਾਂ ਅਤੇ ਨੂੰਹਾਂ ਦੀ ਕਿੱਚ-ਕਿੱਚ, ਬੇਵਜ੍ਹਾ ਦੀ ਟੋਕਾ-ਟਾਕੀ ਅਤੇ ਰੋਸੇ ਮਨ ਨੂੰ ਪ੍ਰੇਸ਼ਾਨ ਕਰ ਦਿੰਦੇ ਹਨ। ਤਾਂ ਮੈਨੂੰ ਲੱਗਦਾ ਹੈ ਕਿ ਮੇਰੀ ਮਾਂ ਸਹੀ ਸੀ। ਔਲਾਦ ਅਤੇ ਪੋਤਿਆਂ-ਦੋਹਤਿਆਂ ਦਾ ਮੋਂਹ ਵੀ ਉਨੀ ਦੇਰ ਹੀ ਹੁੰਦਾ ਹੈ, ਜਿੰਨੀ ਦੇਰ ਇਹ ਗੱਲਾਂ ਸ਼ੁਰੂ ਨਾ ਹੋਣ। ਸਵੇਰ-ਸ਼ਾਮ ਦੇ ਝੋਰੇ ਸਰੀਰ ਨੂੰ ਛਲਨੀ ਕਰ ਦਿੰਦੇ ਹਨ। ਜਦੋਂ ਖੁਦ ਤੋਂ ਕੋਈ ਕੰਮ ਨਾ ਹੋਵੇ, ਸਰੀਰ ਵਿੱਚ ਉਹ ਫੁਰਤੀ ਨਾ ਰਹੇ, ਤਾਂ ਵਿਹਲੇ ਨੂੰ ਚਿੰਤਾ ਵੱਢ-ਵੱਢ ਖਾਂਦੀ ਹੈ। ਫਿਰ ਸਾਹਮਣੇ ਵਾਲਿਆਂ 'ਤੇ ਹੀ ਨਹੀਂ, ਆਪਣੇ ਆਪ 'ਤੇ ਵੀ ਗੁੱਸਾ ਆਉਂਦਾ ਹੈ। "ਹੇ ਰੱਬਾ, ਕਿਹੋ ਜਿਹੀ ਜਿੰਦਗੀ ਦਿੱਤੀ ਹੈ? ਜਿਹੜਾ ਚੱਲਦਾ ਹੀ ਨਹੀਂ, ਫਿਰ ਅਜਿਹੇ ਸਰੀਰ ਦਾ ਕੀ ਫਾਇਦਾ।" ਮੈਂ ਆਪਣੇ ਆਪ ਨੂੰ ਕਹਿੰਦੀ ਹਾਂ। ਇਸ ਉਮਰ ਵਿੱਚ ਆ ਕੇ ਕਿਸੇ ਦੇ ਬੋਲ ਵੀ ਬਰਦਾਸ਼ਤ ਨਹੀਂ ਹੁੰਦੇ। ਨੂੰਹਾਂ-ਧੀਆਂ ਦੇ ਬੋਲ ਵੀ ਸੂਲਾਂ ਵਾਂਗ ਚੁੱਭਦੇ ਹਨ। ਉਹਨਾਂ ਦੀ ਤਾਂ ਉਮਰ ਹੈ। ਮੈਂ ਕਿਹੜਾ ਘੱਟ ਸੀ ਆਪਣੇ ਦਿਨਾਂ ਵਿੱਚ? ਬਥੇਰਾ ਬੋਲਦੀ ਸੀ ਅੱਗੋਂ। ਇਹੋ ਮੇਹਣੇ-ਤਾਣੇ ਦਿੰਦੀ ਸੀ ਆਪਣੀ ਸੱਸ ਨੂੰ। ਹਰ ਗੱਲ ਦਾ ਬਹਾਨਾ ਭਾਲਦੀ। ਫਿਰ ਨਾ ਉਹ ਗੱਲ ਛੱਡਦੀ, ਨਾ ਮੈਂ। ਜਨਾਨੀਆਂ ਦੀ ਲੜਾਈ ਵਿੱਚ ਬੰਦੇ ਵਿਚਕਾਰ ਫਸ ਜਾਂਦੇ ਹਨ। ਮੇਰਾ ਸਹੁਰਾ ਮੇਰੀ ਸੱਸ ਨੂੰ ਝਿੜਕਦਾ, ਕਿਉਂਕਿ ਉਸ ਦਾ ਜ਼ੋਰ ਉਸ 'ਤੇ ਹੀ ਚੱਲਦਾ ਸੀ। ਅਤੇ ਇਹ ਵੀ, ਮੇਰੇ ਪੁੱਤ ਵਾਂਗ, ਆਪਣੀ ਮਾਂ ਅਤੇ ਮੇਰੇ ਵਿਚਕਾਰ ਫਸ ਜਾਂਦੇ। ਨਾ ਮਾਂ ਨੂੰ ਕੁਝ ਕਹਿ ਸਕਦੇ, ਨਾ ਮੈਨੂੰ। ਕੁਝ ਨਾ ਬੋਲਦੇ, ਬੱਸ ਚੁੱਪ ਕਰ ਜਾਂਦੇ। ਮੈਂ ਇਹਨਾਂ 'ਤੇ ਗੁੱਸੇ ਹੁੰਦੀ ਕਿ ਇਹ ਮੇਰਾ ਪੱਖ ਕਿਉਂ ਨਹੀਂ ਲੈਂਦੇ। ਅਤੇ ਉਧਰ ਇਹਨਾਂ ਦੀ ਮਾਂ ਉਮੀਦ ਰੱਖਦੀ ਕਿ ਮੇਰਾ ਪੁੱਤ ਮੇਰੇ ਪੱਖ ਦੀ ਗੱਲ ਕਰੇਗਾ। ਕਈ ਵਾਰ ਉਸਨੂੰ ਲੱਗਦਾ ਕਿ ਇਹ ਹੁਣ ਆਪਣੀ ਜਨਾਨੀ ਦਾ ਹੋ ਗਿਆ ਹੈ। ਇਹ ਕੋਈ ਮੇਰੀ ਇਕੱਲੀ ਦੀ ਗੱਲ ਨਹੀਂ। ਸੱਸ-ਨੂੰਹ ਦੇ ਝਮੇਲੇ ਵਿੱਚ ਸ਼ਰੀਫ ਆਦਮੀ ਫਸ ਹੀ ਜਾਂਦਾ ਹੈ। ਸੁਖੀ ਉਹ ਰਹਿੰਦਾ ਹੈ ਜਿਹੜਾ ਇੱਕ-ਤਰਫ਼ਾ ਚੱਲੇ। ਮਾਂ ਜਾਂ ਪਤਨੀ ਵਿੱਚੋਂ ਕਿਸੇ ਇੱਕ ਦਾ ਖੁੱਲ੍ਹ ਕੇ ਪੱਖ ਲਵੇ। ਇਹ ਵਰਤਾਰਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਹੈ। "ਇਹ ਪਰਮਾਤਮਾ ਦੀ ਖੇਡ ਹੈ, ਤਾਂ ਕਿ ਅਸੀਂ ਜਿੰਦਗੀ ਨਾਲੋਂ ਆਪਣਾ ਮੋਂਹ ਘਟਾਈਏ ਅਤੇ ਸਾਨੂੰ ਆਪਣੇ ਜਾਣ ਦਾ ਸੋਚ ਕੇ ਜ਼ਿਆਦਾ ਦੁੱਖ ਨਾ ਹੋਵੇ।" ਜਦੋਂ ਮੈਂ ਇਹਨਾਂ ਨੂੰ ਪੁੱਛਦੀ ਹਾਂ ਕਿ ਇਹ ਕਿਉਂ ਹੋ ਰਿਹਾ ਹੈ? ਇਹ ਕਿਹੜੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ ਸਾਨੂੰ? ਤਾਂ ਇਹ ਮੈਨੂੰ ਇੰਝ ਹੀ ਸਮਝਾਉਂਦੇ ਹਨ। ਗੱਲਾਂ ਇਹਨਾਂ ਦੀਆਂ ਬਿਲਕੁਲ ਸਹੀ ਹਨ। ਮੇਰੀ ਮਾਂ ਵੀ ਮੈਨੂੰ ਆਪਣੇ ਬਹਾਨੇ ਨਾਲ ਸਮਝਾਉਂਦੀ ਹੁੰਦੀ ਸੀ। ਮੇਰੀ ਮਾਂ ਤਾਂ ਇਹ ਵੀ ਦੱਸਦੀ ਹੁੰਦੀ ਸੀ ਕਿ ਤੇਰੀ ਨਾਨੀ ਕਈ ਵਾਰ ਆਖ ਦਿੰਦੀ ਸੀ, "ਰੱਬ ਪਤਾ ਨਹੀਂ ਕਿਉਂ ਮੈਨੂੰ ਚੁੱਕਦਾ ਨਹੀਂ। ਖੌਰੇ ਕਿੰਨੇ ਕੁ ਕਰਮਾਂ ਦੀ ਸਜ਼ਾ ਬਾਕੀ ਹੈ।" ਮਤਲਬ ਸਭ ਸਹੀ ਹਨ। ਗੱਲ ਮੈਂ ਮੰਨਦੀ ਵੀ ਹਾਂ ਅਤੇ ਸਮਝਦੀ ਵੀ ਹਾਂ। ਪਰ ਮੈਂ ਆਪਣੀ ਸੋਚ ਅਤੇ ਆਪਣੀਆਂ ਇਨ੍ਹਾਂ ਚਿੰਤਾਵਾਂ ਤੋਂ ਬਾਹਰ ਕਿਉਂ ਨਹੀਂ ਨਿਕਲ ਪਾਉਂਦੀ? ਇਨ੍ਹਾਂ ਝੋਰਿਆਂ ਕਾਰਨ ਨਾ ਕਿਤੇ ਬਾਹਰ ਜਾਣ ਨੂੰ ਦਿਲ ਕਰਦਾ ਹੈ, ਨਾ ਹੀ ਨੀਂਦ ਆਉਂਦੀ ਹੈ। ਯਾਨੀ, ਹੁਣ ਜਿੰਦਗੀ ਦਾ ਮੋਂਹ ਜਿਹਾ ਹੀ ਨਹੀਂ ਰਿਹਾ। ਊਂ ਗੱਲ ਆ ਇੱਕ। #ਰਮੇਸ਼ਸੇਠੀਬਾਦਲ 9876627233

Please log in to comment.

More Stories You May Like