Kalam Kalam

ਝੀਲ ਦੇ ਕੰਢੇ

ਪਿਆਰ ਦੁਨੀਆ ਦਾ ਸਭ ਤੋਂ ਖੂਬਸੂਰਤ ਅਹਿਸਾਸ ਹੈ। ਪਤੀ-ਪਤਨੀ ਦੇ ਰਿਸ਼ਤੇ 'ਚ ਇਹ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਪਤੀ ਪਤਨੀ ਦੇ ਰਿਸ਼ਤੇ 'ਚ ਪਿਆਰ ਹੈ ਤਾਂ ਉਹ ਜਿੰਦਗੀ 'ਚ ਹਰ ਤਰ੍ਹਾਂ ਦੀ ਮੁਸ਼ਕਿਲ ਦਾ ਆਸਾਨੀ ਨਾਲ ਸਾਹਮਣਾ ਵੀ ਕਰ ਲੈਂਦੇ ਹਨ ਪਰ ਕਈ ਵਾਰ ਜਿੰਦਗੀ 'ਚ ਅਣਚਾਹੀ ਕੜਵਾਹਟ ਆ ਜਾਂਦੀ ਹੈ। ਜਿਸ ਨਾਲ ਰਿਸ਼ਤੇ-ਨਾਤੇ ਬੇਕਾਰ ਲੱੱਗਣ ਲੱਗਦੇ ਹਨ ਪਰ ਇਸ ਗੱਲ ਨੂੰ ਸਮਝਣਾ ਵੀ ਬੇਹੱਦ ਜ਼ਰੂਰੀ ਹੈ ਕਿ ਜਿੱਥੇ ਪਿਆਰ ਹੈ, ਉਥੇ ਤਕਰਾਰ ਹੋਣਾ ਕੋਈ ਵੱਡੀ ਗੱਲ ਨਹੀਂ ਹੈ।ਜੇਕਰ ਪਿਆਰ 'ਚ ਕੁਝ ਅਸੂਲ ਬਣਾਏ ਜਾਣ ਤਾਂ ਤੁਹਾਡੇ ਰਿਸ਼ਤੇ 'ਚ ਕਦੀ ਵੀ ਦੂਰੀਆਂ ਨਹੀਂ ਆ ਸਕਦੀਆਂ । ਕਈ ਵਾਰ ਜਲਦਬਾਜ਼ੀ ਵਿਚ ਲਏ ਫੈਸਲੇ ਜਿੰਦਗੀ ਤਬਾਹ ਕਰ ਦਿੰਦੇ ਹਨ ਉਥੇ ਹੀ ਧੀਰਜ ਤੇ ਠਰੰਮੇ ਨਾਲ ਲਿਆ ਇਕ ਫੈਸਲਾ ਰਿਸ਼ਤਾ ਟੁੱਟਣ ਤੋ ਬਚਾ ਲੈਂਦਾ ਹੈ ।ਮੈਂ ਆਪਣੀ ਕਹਾਣੀ  ਦੱਸਦਾ ਹਾਂ। ਮੇਰੇ ਵਿਆਹ ਤੋਂ ਬਾਦ ਕੁਝ ਸਾਲ ਤਾਂ ਸੁਹਾਵਣੇ ਸੁਪਨੇ ਵਾਂਗ ਲੰਘੇ।ਉਹਨਾਂ  ਸਾਲਾਂ ਵਿਚ ਘੁੰਮਣ ਫਿਰਨ ਵਿਚ ਆਜ਼ਾਦੀ ਜੋ ਸੀ ।ਫਿਰ ਮੈਨੂੰ ਸਰਕਾਰੀ ਨੌਕਰੀ ਲੱਗ ਗਈ ।ਹੁਣ ਦਫ਼ਤਰ ਤੇ ਖੇਤ ਦੋਵੇਂ ਕੰਮ ਹੀ ਮੇਰੇ ਸਿਰ ਤੇ ਸੀ । ਹੁਣ ਮੇਰੇ ਤੇ ਮੇਰੀ ਪਤਨੀ ਵਿਚ ਅਕਸਰ ਝਗੜਾ ਹੋਣ ਲੱਗਾ ।ਪਰ ਫਿਰ ਸਭ ਠੀਕ ਹੋ ਜਾਂਦਾ ਸੀ ।ਹਰ ਸਾਲ ਨਵੀਂ ਤਕਨੀਕ ਆਉਣ ਕਰਕੇ ਦਫਤਰੀ ਕੰਮ ਵੀ ਔਖੇ  ਹੁੰਦੇ ਜਾ ਰਹੇ ਸੀ ।ਕਿਉਂਕਿ ਕਿ ਪਹਿਲਾਂ ਜਿਥੇ ਫਾਈਲ ਤਿਆਰ ਕਰ ਕੇ ਕੰਮ ਚੱਲ ਜਾਂਦਾ ਸੀ, ਉਥੇ ਹੀ ਹੁਣ ਫਾਈਲ ਦੇ ਨਾਲ ਨਾਲ ਸਾਰਾ ਕੰਮ ਆਨਲਾਈਨ ਵੀ ਕਰਨਾ ਪੈਂਦਾ ਸੀ ।ਜਿਸ ਕਰਕੇ ਮੈਂ ਕੁਝ ਖਿਝਿਆ ਰਹਿਣਾ ।ਮੇਰੀ ਪਤਨੀ ਨੇ ਜਦ ਮੈਨੂੰ  ਕਿਤੇ ਬਾਹਰ ਜਾਣ ਲਈ ਕਹਿਣਾ ,ਮੈਂ ਮਨਾਂ ਕਰ ਦੇਣਾ ,ਕਿਉਂਕਿ ਮਸਾ ਤਾਂ ਛੁੱਟੀ ਆਉਦੀ  ਸੀ ਮੈਂ  ਰਿਸ਼ਤੇਦਾਰੀ ਵਿਚ ਜਾ ਛੁੱਟੀ ਜਾਇਆ (ਖਰਾਬ) ਨਹੀਂ ਕਰਨੀ ਚਾਹੁੰਦਾ ਸੀ ।ਪਤਨੀ ਨੇ ਗੁੱਸਾ ਕਰ ਉਸ ਦਿਨ ਮੇਰੇ ਨਾਲ ਕੋਈ ਗੱਲ ਨਾ ਕਰਨੀ ।ਮੈਂ ਵੀ ਅਗਲੇ ਦਿਨ ਬਿਨਾਂ ਨਾਸ਼ਤਾ ਕੀਤੇ ਤੇ ਬਿਨਾਂ ਟਿਫਨ ਲਏ ਦਫਤਰ ਚਲਿਆ ਜਾਣਾ ।ਫਿਰ ਉਸਨੇ ਫੋਨ ਕਰੀ ਜਾਣਾ, ਕਿਉਂਕਿ ਉਸਨੂੰ ਪਤਾ ਸੀ ਮੈਂ ਭੁੱਖਾ ਰਹਿ ਸਕਦਾ ,ਪਰ ਬਾਹਰ ਦਾ ਖਾਣਾ ਨਹੀਂ ਖਾ ਸਕਦਾ ।ਘਰ ਵਾਪਸ ਆਉਣ ਤੱਕ  ਖਾਣੇ ਵਿੱਚ ਸਭ ਕੁਝ ਮੇਰੀ ਪਸੰਦ ਦਾ ਬਣਿਆ ਹੋਣਾ ਤ। ਉਸਨੇ ਮੇਰੇ ਮੂੰਹ ਹੱਥ ਧੋ ਕੇ ਆਉਣ  ਤੇ ਝੱਟ ਖਾਣਾ  ਮੇਰੇ ਅੱਗੇ ਰੱਖ ਦੇਣਾ ।ਤਾਂ ਮੇਰਾ ਸਾਰਾ ਗੁੱਸਾ ਝੱਟ ਹੀ ਉਤਰ ਜਾਣਾ  ।ਇਹ ਤਾਂ ਹੁਣ ਆਮ ਜਿਹੀ ਗੱਲ ਹੋ ਗਈ ਸੀ।ਫਿਰ ਪਤਨੀ ਦੇ ਭਰਾ ਦਾ ਵਿਆਹ ਸੀ । ਉਹਨਾਂ ਕੱਪੜੇ ਬਣਾਉਣ ਲਈ ਬੁਲਾਇਆ ,ਮੈਨੂੰ ਕਹਿੰਦੀ ਕਿ ਮੈਨੂੰ ਪੇਕੇ ਛੱਡ ਆਓ ,ਵਿਅਸਤ ਹੋਣ ਕਰਕੇ ਉਹਨੂੰ ਕਿਹਾ ਆਵਦੇ ਭਰਾ ਨੂੰ ਫੋਨ ਕਰਦੇ ਉਹ ਆ ਕੇ ਲੈ ਜਾਵੇ  ।ਉਹ ਚਲੀ ਤਾਂ ਗਈ ਆਵਦੇ ਭਰਾ ਨਾਲ ਪਰ ਨਾਲ ਈ ਸਾਡੇ ਰਿਸ਼ਤੇ ਦਾ ਰੁੱਸਣਾ ਮਨਾਉਣਾ ਚਲਿਆ ਗਿਆ ।ਹੁਣ ਉਹ ਹਰ ਸਮੇਂ ਖਿਝੀ ਰਹਿੰਦੀ ਤੇ ਕਦੀ ਕੋਈ ਗੱਲ ਨਾ ਕਰਦੀ ।ਦਸੰਬਰ ਦੀਆਂ ਛੁੱਟੀਆਂ ਕਰੀਬ ਸੀ ਤੇ ਮੇਰੀ ਪਤਨੀ ਦਾ ਜਨਮ ਦਿਨ ਵੀ ਆਉਣ ਵਾਲਾ ਸੀ ।ਮੈਂ ਉਸ ਨੂੰ ਸਰਪਰਾਈਜ ਦੇਣ ਬਾਰੇ ਸੋਚਿਆ ।  ਮੈਂ ਕੈਬ ਬੁੱਕ ਕੀਤੀ ਤੇ ਪਤਨੀ ਨੂੰ ਤਿਆਰ ਰਹਿਣ ਲਈ ਕਿਹਾ ,ਜਨਮ ਦਿਨ ਵਾਲੇ ਦਿਨ ਹੀ ਮੈਂ ਪਤਨੀ ਨੂੰ  ਚੰਡੀਗੜ੍ਹ ਸੁਖਨਾ ਝੀਲ ਤੇ ਲੈ ਗਿਆ ।ਉਥੇ ਬੈਠ ਮੈਂ ਸਾਰਾ ਦਿਨ ਪਤਨੀ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਤੇ ਉਥੋਂ ਦਾ ਆਲਾ ਦੁਆਲਾ ਦੇਖ ਉਸ ਦੇ ਚਿਹਰੇ ਤੇ ਅਜੀਬ ਚਮਕ ਸੀ ,ਜੋ  ਉਸਦੀ ਖੁਸ਼ੀ ਨੂੰ ਬਿਆਨ ਕਰ ਰਹੀ ਸੀ ।ਫਿਰ ਅਸੀਂ ਹੋਟਲ ਗਏ ,ਖਾਣਾ ਖਾਧਾ ਤੇ ਕੁਝ ਦਿਨ ਚੰਡੀਗੜ੍ਹ ਘੁੰਮਣ ਮਗਰੋਂ ਵਾਪਸ ਘਰ ਆ ਰਹੇ ਸੀ ਤਾਂ ਪਤਨੀ ਨੇ ਦੱਸਿਆ ਕਿ ਮੇਰਾ  ਵਿਆਹ ਸਮੇਂ ਦਾ ਸੁਪਨਾ ਸੀ ਕਿ ਆਪਾਂ ਵੀ ਝੀਲ ਦੇ ਕੰਢੇ ਬੈਠ ਪ੍ਰੇਮੀ ਜੋੜਿਆ ਵਾਂਗ ਸੁਹਾਵਣੇ ਮੌਸਮ ਦਾ ਆਨੰਦ ਲਈਏ ।ਮੈਂ ਸੋਚ ਰਿਹਾ ਸੀ ਕਿ  ਕਮਲੀਏ ,ਜਿਸ ਝੀਲ ਕੰਢੇ ਤੇਰਾ ਸੁਪਨਾ ਪੂਰਾ ਹੋਇਆ ਉਸ ਕੰਡੇ ਨੇ ਮੇਰੇ ਖਤਮ ਹੁੰਦੇ ਰਿਸ਼ਤੇ ਨੂੰ ਨਵਾਂ ਜੀਵਨ ਦਿੱਤਾ ਹੈ ਤੇ ਮੇਰੀ ਜਿੰਦਗੀ ਦੀ ਸਾਰੀ ਕੜਵਾਹਟ ਨੂੰ ਆਵਦੇ ਪਾਣੀ ਵਿਚ ਸਮਾ ਲਿਆ ਹੈ । ਉਸ ਦਿਨ ਅਹਿਸਾਸ ਹੋਇਆ ਕਿ ਪਤਨੀ ਆਪਣੇ ਪਤੀ ਤੋ  ਸਿਰਫ਼ ਸਮਾਂ ਚਾਹੁੰਦੀ ਹੈ ਤੇ ਮੈਨੂੰ ਵੀ ਉਸ ਲਈ ਸਮਾਂ ਜਰੂਰ ਕੱਢਣਾ ਚਾਹੀਦਾ ।ਸਿਆਣਿਆਂ ਸੱਚ ਕਿਹਾ "ਬੰਦਾ ਕੰਮ ਕਰਦਾ ਮੁੱਕ ਜਾਂਦਾ ਪਰ ਕੰਮ ਨਹੀਂ ਮੁੱਕਦੇ । ਸੋ ਦੋਸਤੋ ਅਜ ਦੇ ਸਮੇਂ ਹਰ ਕਿਸੇ ਦੀ ਜਿੰਦਗੀ ਰੁਝੇਵਿਆਂ ਭਰੀ ਹੈ ਪਰ ਫਿਰ ਵੀ ਕਿਸੇ ਤਰ੍ਹਾਂ ਵੀ ਕੁਝ ਸਮਾਂ ਆਪਣੇ ਪਰਿਵਾਰ ਨਾਲ ਗੁਜ਼ਾਰੋ ਫਿਰ ਹੀ ਪਤਨੀ ਤੇ ਬੱਚੇ ਤੁਹਾਨੂੰ ਆਪਣਾ ਦੋਸਤ ਮੰਨ ਹਰ ਗੱਲ ਸ਼ੇਅਰ ਕਰਨਗੇ।

Please log in to comment.