Kalam Kalam

ਅਨਪੜ੍ਹ

ਥਾਣੇ ਕਚਹਿਰੀਆਂ ਵਿੱਚ ਜਲੀਲ ਹੁੰਦਾ ਹੋਇਆ ਹਾਕਮ ਸਿੰਘ ਅੱਜ ਫਿਰ ਸਿੱਧਾ ਮੰਤਰੀ ਦੀ ਕੋਠੀ ਵੱਲ ਹੋ ਤੁਰਿਆ।ਕੋਠੀ ਮੂਹਰੇ ਦਫ਼ਤਰਨੁਮਾ ਬਣੇ ਕਮਰੇ ਅੰਦਰ ਦਾਖਲ ਹੋ ਗਿਆ। ਉਹ ਦੇਖੋ ਮੈਡਮ ਜੀ, ਫਿਰ ਆ ਗਿਆ ਮੂੰਹ ਚੱਕ ਕੇ। ਦਫ਼ਤਰ ਅੰਦਰ ਵੜਦੇ ਹੀ ਹਾਕਮ ਸਿੰਘ ਨੂੰ ਵੇਖ ਮੰਤਰੀ ਜੀ ਦੇ ਖਾਸ ਵਰਕਰ ਨੇ ਨਾਲ ਦੀ ਕੁਰਸੀ 'ਤੇ ਬੈਠੀ ਮੈਡਮ ਨੂੰ ਕਿਹਾ। ਮੇਰੇ ਤੋਂ ਨ੍ਹੀਂ ਸੁਣੀ ਜਾਣੀ ਇਹਦੀ ਬਕ ਬਕ, ਤੁਸੀਂ ਸਾਂਭੋ ਆਪੇ ,ਤੇ ਏਨਾ ਆਖ ਮੈਡਮ ਹੱਸੀ ਜਿਵੇਂ ਹਾਕਮ ਸਿੰਘ ਦੀ ਖਿੱਲੀ ਉਡਾ ਰਹੀ ਹੋਵੇ। ਮੈਲਾ ਜਿਹਾ ਕੁੜਤਾ ਪਜਾਮਾ ਸਿਰ 'ਤੇ ਪਰਨਾ ਅਤੇ ਹੱਥ ਵਿੱਚ ਬੋਰੀ ਵਾਲਾ ਝੋਲਾ ਫੜਿਆ ਹਾਕਮ ਸਿੰਘ ਜਮ੍ਹਾਂ ਅਣਪੜ੍ਹ ਜਿਹਾ ਲੱਗ ਰਿਹਾ ਸੀ। ਜਨਾਬ ਮੰਤਰੀ ਜੀ ਨੂੰ ਮਿਲਣਾ। ਕੀ ਕੰਮ ਆ ਦੱਸ । ਜਨਾਬ ਪਹਿਲਾਂ ਪੰਚਾਇਤ ਨੂੰ ਵੀ ਬਹੁਤ ਵਾਰੀ ਬੇਨਤੀ ਕੀਤੀ ਆ,ਥਾਣੇ ਵੀ ਰਿਪੋਰਟ ਕੀਤੀ। ਮੇਰੇ ਘਰ ਅੱਗੇ ਫੈਕਟਰੀ ਦਾ ਗੰਦਾ ਪਾਣੀ ਲੰਘਦਾ। ਉਹ ਕਿਸੇ ਹੋਰ ਪਾਸੇ ਦੀ ਕੱਢਿਆ ਜਾਵੇ, ਪਰ ਕੋਈ ਸੁਣਦਾ ਹੀ ਨਹੀਂ। ਮੈਡਮ ਨੇ ਕੁਰਸੀ ਨੇਡ਼ੇ ਕਰਦਿਆਂ ਹੌਲੀ ਦੇਣੇ ਕੰਨ ਵਿੱਚ ਕਿਹਾ, ਉਹ ਫੈਕਟਰੀ ਦਾ ਮਾਲਕ ਤਾਂ ਮੰਤਰੀ ਜੀ ਦਾ ਖਾਸਮ ਖਾਸ ਏ।ਏਨਾ ਸੁਣ ਬਾਬੂ ਜੀ ਨੇ ਵੀ ਐਨਕਾਂ ਨੱਕ 'ਤੇ ਕਰ ਲਈਆਂ 'ਤੇ ਅੱਖਾਂ ਦੀ ਘੂਰ ਰਾਹੀਂ ਜਿਵੇਂ ਹਾਕਮ ਨੂੰ ਡਰਾ ਰਿਹਾ ਹੋਵੇ। ਮੰਤਰੀ ਜੀ ਤਾਂ ਵਿਦੇਸ਼ ਗਏ ਹੋਏ ਨੇ, ਦਸ ਦਿਨ ਨ੍ਹੀਂ ਮੁੜਦੇ। ਇਲਾਜ ਚਲਦਾ ਉਨ੍ਹਾਂ ਦਾ। ਏਨਾ ਸੁਣ ਹਾਕਮ ਸਿੰਘ ਥੋੜ੍ਹਾ ਹੱਸਿਆ 'ਤੇ ਬੋਲਿਆ। ਜਨਾਬ ਮੇਰੇ ਘਰਵਾਲੀ ਸੀਤੋ ਹੈ ਤਾਂ ਜਮ੍ਹਾਂ ਅਨਪੜ੍ਹ ,ਪਰ ਗੱਲਾਂ ਜਮ੍ਹਾਂ ਸੋਡੇ ਵਾਂਗੂੰ ਕਰਦੀ ਏ। ਆ ਮੰਤਰੀ ਜੀ ਜਦੋਂ ਵੀ ਵੋਟਾਂ ਮੰਗਣ ਆਉਂਦਾ ਏ, ਤਾਂ ਉਹ ਬੋਲਦੀ ਏ। ਲੈ ਉਹ ਆ ਗਿਆ ਮੂੰਹ ਚੁੱਕ ਕੇ, ਵੋਟਾਂ ਮੰਗਣ,ਕਰਨਾ ਕਤਰਨਾਂ ਇਹਨੇ ਕੱਖ ਨੀ। ਉਹ ਵੀ ਥੋਡੇ ਵਾਂਗੂੰ ਪਿੱਠ ਪਿੱਛੇ ਹੀ ਬੋਲਦੀ ਹੈ।ਜਿਵੇਂ ਕਮਰੇ ਅੰਦਰ ਵੜਨ ਤੋਂ ਪਹਿਲਾਂ ਤੁਸੀਂ ਮੇਰੇ ਬਾਰੇ ਕਹਿ ਰਹੇ ਸੀ।ਜਿਸ ਦਿਨ ਸੀਤੋਂ ਪਿੱਠ ਪਿਛਲੀਆਂ ਗੱਲਾਂ ਮੂੰਹ 'ਤੇ ਬੋਲਣ ਲੱਗ ਪਈ ਤਾਂ ਸਾਡੇ ਵਰਗਿਆਂ ਨੂੰ,ਥੋਡੇ ਕੋਲੋਂ ਅਜਿਹੀਆਂ ਗੱਲਾਂ ਨਾ ਸੁਣਨੀਆਂ ਪੈਣ। ਖ਼ੈਰ, ਉਹ ਤਾਂ ਹੈ ਹੀ ਅਨਪੜ੍ਹ। 'ਤੇ ਏਨਾ ਆਖ ਹਾਕਮ ਸਿੰਘ ਦਰਵਾਜ਼ਿਓਂ ਬਾਹਰ ਹੋ ਗਿਆ। 'ਤੇ ਮੈਡਮ ਜੀ ਨੇ ਬਾਬੂ ਜੀ ਤੋਂ ਕੁਰਸੀ ਦੂਰ ਖਿੱਚਦਿਆਂ ਆਖਿਆ, ਭਲਾ ਉਹ ਬੁਰਾਈ ਆਵਦੀ ਜਨਾਨੀ ਦੀ ਕਰ ਗਿਆ। ਕਿ ਆਪਣੀ .... ਕੁਲਵੰਤ ਘੋਲੀਆ 95172-9006

Please log in to comment.

More Stories You May Like