Kalam Kalam
Profile Image
Ramesh Sethi Badal
11 months ago

ਮੇਰਾ ਘੁਮਿਆਰਾ 4

#ਮੇਰਾ_ਘੁਮਿਆਰਾ। (ਭਾਗ 4) ਮੇਰੇ ਪਿੰਡ ਘੁਮਿਆਰਾ ਦੇ ਲੋਕ ਜਿਆਦਾਤਰ ਭੋਲੇ ਅਤੇ ਅਨਪੜ੍ਹ ਸਨ। ਓਹਣਾਂ ਵਿੱਚ ਵਲ ਫਰੇਬ ਨਹੀਂ ਸੀ। ਉਹ ਸਪਸ਼ਟਵਾਦੀ ਸਨ।ਸੱਚੀ ਗੱਲ ਮੂੰਹ ਤੇ ਮਾਰਦੇ ਸਨ। ਭਾਵੇਂ ਪਿੰਡ ਵਿੱਚ ਕੋਈਂ ਜੱਟ ਪਰਿਵਾਰ ਨਹੀਂ ਸੀ ਰਹਿੰਦਾ ਪਰ ਪਿੰਡ ਵਿੱਚ ਚੰਗੇ ਚੰਗੇ ਜ਼ਿਮੀਦਾਰ ਪਰਿਵਾਰ ਜਰੂਰ ਰਹਿੰਦੇ ਸਨ। ਹਰ ਕਿੱਤੇ ਅਤੇ ਖਿੱਤੇ ਦੇ ਲੋਕ ਅਮਨ ਸ਼ਾਂਤੀ ਨਾਲ ਵੱਸਦੇ ਸਨ। ਪਿੰਡ ਵਿੱਚ ਕੁਝ ਕੁ ਘਰ ਨਾਈਆਂ ਦੇ ਵੀ ਸਨ ਜਿੰਨਾ ਨੂੰ ਰਾਜੇ ਆਖਦੇ। ਇਹ ਲਾਗੀਪੁਣਾ ਵੀ ਕਰਦੇ ਸਨ। ਇੱਕ ਘਰ ਲੋਕਾਂ ਦੀ ਘਰ ਘਰ ਜਾਕੇ ਹਜ਼ਾਮਤ ਵੀ ਬਣਾਉਂਦਾ ਸੀ। ਲਾਗੀ ਵਿਆਹ ਸ਼ਾਦੀਆਂ ਅਤੇ ਹੋਰ ਸਮਾਰੋਹਾਂ ਤੇ ਘਰ ਦੇ ਸਾਰੇ ਕੰਮ ਕਰਦੇ ਵਿਆਹ ਨਿਉਂਦਨ ਜਾਂਦੇ, ਰਿਸ਼ਤੇ ਕਰਕੇ ਆਉਂਦੇ ਤੇ ਕਈ ਵਾਰੀ ਵਿਚੋਲਗਿਰੀ ਵੀ ਕਰਦੇ। ਇਹ੍ਹਨਾਂ ਨੂੰ ਸੂਤੀ ਖੇਸ ਬਹੁਤ ਇਕੱਠੇ ਹੁੰਦੇ। ਜੋ ਉਹ ਬਾਅਦ ਵਿੱਚ ਵੇਚ ਦਿੰਦੇ। ਮੇਰੀ ਮਾਂ ਅਕਸਰ ਇਹ੍ਹਨਾਂ ਤੋਂ ਬਾਰਾਂ ਕੁ ਰੁਪਏ ਦਾ ਖੇਸ ਖਰੀਦਦੀ ਸੀ। ਅਕਸਰ ਮੇਰੀਆਂ ਮਾਮੀਆਂ, ਮਾਸੀਆਂ ਤੇ ਭੂਆਂ ਖੇਸ ਖਰੀਦਣ ਦੀ ਵਗਾਰ ਪਾਈ ਰੱਖਦੀਆਂ। ਪਿੰਡ ਵਿੱਚ ਮਨਸ਼ਾ ਰਾਮ ਨਾਮ ਦਾ ਸੁਨਿਆਰਾਂ ਮਸ਼ਹੂਰ ਸੀ। ਫਿਰ ਉਸਦੇ ਦੋਨੇ ਮੁੰਡੇ ਮਿਲਖੀ ਰਾਮ ਅਤੇ ਮਿੱਠੂ ਰਾਮ ਅਲੱਗ ਅਲੱਗ ਹੋ ਗਏ। ਇਹ ਸੋਨੇ ਦੇ ਗਹਿਣੇ ਬਣਾਉਣ ਦਾ ਕੰਮ ਕਰਦੇ ਸੀ। ਮੂੰਹ ਵਿੱਚ ਪਾਈ ਫੂਕਣੀ ਨਾਲ ਫੂਕ ਮਾਰਕੇ ਕੋਇਲੇ ਨੂੰ ਮਘਾਕੇ ਸੋਨਾ ਗਰਮ ਕਰਦੇ। ਇਹ ਬਹੁਤ ਬਰੀਕੀ ਵਾਲਾ ਕੰਮ ਹੁੰਦਾ ਸੀ। ਇਸ ਤਰ੍ਹਾਂ ਉਹ ਸਭ ਦੀਆਂ ਲੋੜਾਂ ਪੂਰੀਆਂ ਕਰਦੇ। ਪਿੰਡ ਵਿੱਚ ਇੱਕ ਚੋਲੂ ਚਮਾਰ ਨਾਮ ਦਾ ਬਜ਼ੁਰਗ ਸੀ ਜੋ ਬਹੁਤ ਵਧੀਆ ਜੁੱਤੀਆਂ ਬਣਾਉਂਦਾ ਸੀ। ਉਸਦੇ ਹੱਥ ਵਿੱਚ ਇਹ ਕਲਾ ਸੀ। ਲੋਕ ਆਰਡਰ ਤੇ ਮਨਪਸੰਦ ਜੁੱਤੀ ਬਨਵਾਉਂਦੇ। ਸ਼ਾਇਦ ਇਹ ਇੱਕੋ ਹੀ ਘਰ ਸੀ ਜੋ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਸੀ। ਪਿੰਡ ਤੋਂ ਸ਼ਹਿਰ ਆਉਣ ਜਾਣ ਲਈ ਟਾਂਗੇ ਚਲਦੇ ਸਨ। ਉਹ ਸ਼ਾਇਦ ਅਠਿਆਨੀ ਸਵਾਰੀ ਲੈਂਦੇ ਸਨ। ਸਾਲਮ ਟਾਂਗੇ ਦੇ ਅੱਠ ਰੁਪਏ ਲੈਂਦੇ ਸਨ। ਫਿਰ ਇੱਕ ਦੋ ਟੈਂਪੂ ਲੱਗ ਗਏ। ਜਿੰਨਾ ਨੂੰ ਭੂੰਡ ਆਖਦੇ ਸਨ। ਫਿਰ ਬੱਸਾਂ ਆਉਣੀਆਂ ਸ਼ੁਰੂ ਹੋ ਗਈਆਂ। ਬਹੁਤੇ ਲੋਕ ਸ਼ਹਿਰ ਜਾਣ ਲਈ ਸਾਈਕਲ ਹੀ ਵਰਤਦੇ। ਕਈ ਲੋਕ ਸ਼ਹਿਰ ਜਾਣ ਵੇਲੇ ਸਾਈਕਲ ਮੰਗਕੇ ਲ਼ੈ ਜਾਂਦੇ। ਸ਼ਹਿਰ ਸੱਤ ਅੱਠ ਕਿਲੋਮੀਟਰ ਹੀ ਤਾਂ ਦੂਰ ਸੀ। ਪਿੰਡ ਦੇ ਵਿਚਾਲੇ ਚਾਰ ਪੰਜ ਘਰ ਮੁਸਲਮਾਨਾਂ ਦੇ ਸਨ। ਜੋ ਸੇਪੀ ਦਾ ਕੰਮ ਕਰਦੇ ਸਨ। ਲੱਕੜ ਅਤੇ ਲੋਹੇ ਦਾ। ਉਹ ਭੱਠੀਆਂ ਤਪਾਉਂਦੇ। ਮੰਜੇ ਠੋਕਦੇ ਅਤੇ ਕਹੀਆਂ ਹੱਲ ਸੱਬਲਾਂ ਚੰਡਦੇ। ਬਾਬਾ ਹਿਸਾਬਦੀਨ ਬਹੁਤ ਵਧੀਆ ਚਰਖ਼ੇ ਬਣਾਉਂਦਾ ਸੀ। ਬਾਬਾ ਰੌਣਕੀ ਜੋ ਲੰਗ ਮਾਰਦਾ ਸੀ ਵਧੀਆ ਮਿਸਤਰੀ ਸੀ। ਕਹਿੰਦੇ ਉਹ ਤਮੱਚੇ ਵੀ ਬਣਾ ਲੈਂਦਾ ਸੀ। ਇਸ ਲਈ ਉਹ ਕੁੱਝ ਸਮਾਂ ਅੰਦਰ ਵੀ ਰਿਹਾ ਸੀ। ਤਾਇਆ ਸ਼ਰੀਫ ਵੀ ਲੋਹਾਰਪੁਣਾ ਕਰਦਾ ਸੀ। ਉਸਦੇ ਨਾਲ ਦੇ ਘਰ ਵਿੱਚ ਰਹਿਣ ਵਾਲਾ ਬਾਬਾ ਬਦਰਦੀਨ ਜਿਸ ਨੂੰ ਬਦਰੀ ਲੋਹਾਰ ਆਖਦੇ ਸਨ ਉਹ ਵੀ ਇਹੀ ਕੰਮ ਕਰਦਾ ਸੀ। ਪਿੰਡ ਵਿੱਚ ਟਰੈਕਟਰ ਗਿਣਤੀ ਦੇ ਹੀ ਸਨ। ਬਹੁਤੇ ਘਰਾਂ ਦੇ ਖੇਤੀ ਲਈ ਊਠ ਅਤੇ ਬਲਦ ਹੀ ਸਨ। ਇਸ ਲਈ ਲੋਹਾਰਾਂ ਨਾਲ ਕੰਮ ਪੈਂਦਾ ਰਹਿੰਦਾ ਸੀ। ਪਿੰਡ ਦਾ ਇੱਕੋ ਘਰ ਦੁੱਧ ਦਾ ਕੰਮ ਕਰਦਾ ਸੀ। ਜੋ ਮਹਾਜਨ ਪਰਿਵਾਰ ਸੀ। ਉਂਜ ਭਾਵੇਂ ਸ਼ਹਿਰ ਤੋਂ ਕਈ ਦੋਧੀ ਦੁੱਧ ਲੈਣ ਆਉਂਦੇ ਸਨ। ਉਹ ਆਪਣੇ ਸਬੰਧਿਤ ਘਰਾਂ ਨੂੰ ਲੋੜੀਂਦਾ ਸਮਾਨ ਵੀ ਸਹਿਰੋ ਲਿਆਕੇ ਦਿੰਦੇ। ਇਸ ਤਰ੍ਹਾਂ ਉਹ ਦੂਹਰੀ ਕਮਾਈ ਕਰਦੇ। ਇੱਕ ਦੋ ਦੁੱਧ ਵਾਲੇ ਨਾਲ ਸੱਟੇ ਦਾ ਕੰਮ ਵੀ ਕਰਦੇ। ਓਹ ਪਰਚੀਆਂ ਨੂੰ ਛਿਪਾਕੇ ਰੱਖਦੇ। ਪੁਲਸ ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੀ। ਪਿੰਡ ਵਿੱਚ ਕੇਰਾਂ ਰਾਜਸਥਾਨ ਤੋਂ ਆਏ ਕਿਸੇ ਘਰ ਨੇ ਮਿੱਟੀ ਦੇ ਘੜੇ ਅਤੇ ਦੂਸਰੇ ਭਾਂਡੇ ਬਣਾਉਣ ਦਾ ਕੰਮ ਬਾਬੇ ਸੰਪੂਰਨ ਕੇ ਬਾਹਰਲੇ ਨੋਹਰੇ ਵਿੱਚ ਸ਼ੁਰੂ ਕੀਤਾ। ਇਹ ਨੋਹਰਾ ਪਿੰਡ ਤੋਂ ਬਾਹਰ ਬਾਹਰ ਸਾਡੇ ਖੇਤ ਨੂੰ ਜਾਂਦੇ ਰਾਹ ਵਿੱਚ ਬਾਬੇ ਗਿਆਨੇ ਅਤੇ ਮੱਲੇ ਬੋਲੇ ਕੇ ਘਰਾਂ ਕੋਲ੍ਹ ਸੀ। ਘੁੰਮਦੇ ਹੋਏ ਚੱਕ ਤੇ ਘੜੇ ਬਣਾਉਣ ਦਾ ਨਜ਼ਾਰਾ ਵੱਖਰਾ ਹੀ ਸੀ। ਉਥੇ ਗਿਆ ਮੈਂ ਸ਼ਾਮ ਤੱਕ ਘੜੇ ਬਣਦੇ ਹੀ ਵੇਖਦਾ ਰਿਹਾ। ਅੱਜ ਵੀ ਘੁੰਮਦੇ ਹੋਏ ਚੱਕ ਨੂੰ ਵੇਖਣਾ ਚੰਗਾ ਲੱਗਦਾ ਹੈ। #ਰਮੇਸ਼ਸੇਠੀਬਾਦਲ

Please log in to comment.

More Stories You May Like