Kalam Kalam

ਮੇਰਾ ਘੁਮਿਆਰਾ 20

ਮੇਰਾ ਘੁਮਿਆਰਾ ਭਾਗ 20 ਪਿੰਡ ਵਾਲਾ ਵਾਟਰ ਵਰਕਸ ਚੱਲਣ ਤੋਂ ਪਹਿਲ਼ਾਂ ਅਮੂਮਨ ਹੀ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਰਹਿੰਡੀ ਸੀ। ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਾਤਾ ਵਰਗੀਆਂ ਵੀਹ ਵੀਹ ਘੜੇ ਪੌੜ੍ਹੀਆਂ ਵਾਲੀ ਡਿੱਗੀ ਤੋਂ ਸਿਰ ਤੇ ਚੁੱਕ ਕੇ ਲਿਆਉਂਦੀਆਂ। ਪੀਣ ਵਾਲਾ ਪਾਣੀ ਪਿੰਡ ਵਿੱਚ ਲੱਗੇ ਸਾਂਝੇ ਨਲਕਿਆਂ ਤੋਂ ਲਿਆਉਂਦੀਆਂ। ਨਲਕੇ ਗੇੜ ਕੇ ਪਾਣੀ ਭਰਨਾ ਵੀ ਸੌਖਾ ਨਹੀਂ ਸੀ ਹੁੰਦਾ। ਕਈ ਵਾਰੀ ਨਲਕੇ ਦੇ ਨੇੜਲੇ ਘਰ ਜਿਹੜੇ ਨਲਕਾ ਮੁਰੰਮਤ ਕਰਾਉਣ ਵੇਲੇ ਮੂਹਰੇ ਹੁੰਦੇ ਸਨ ਉਹ ਨਲਕੇ ਅਤੇ ਹੱਥੀ ਵਿਚਲਾ ਕਿੱਲ ਕੱਢ ਲੈਂਦੇ। ਕਈ ਨਲਕੇ ਦੀ ਹੱਥੀ ਹੀ ਲਾਹ ਲੈਂਦੇ। ਫਿਰ ਵੇਖਕੇ ਹੱਥੀ ਜਾਂ ਕਿੱਲ ਦੇ ਦਿੰਦੇ ਅਤੇ ਵੱਡਾ ਅਹਿਸਾਨ ਕਰਦੇ। ਕੁਵੰਟਲ ਝਿਊਰ ਵੀ ਘਰੇ ਪਾਣੀ ਪਾਉਣ ਆਉਂਦਾ। ਸਾਲਮ ਟੈਂਕੀ ਦਾ ਪੂਰਾ ਇੱਕ ਰੁਪਈਆਂ ਲੈਂਦਾ ਸੀ ਫਿਰ ਵੀ ਕਈ ਵਾਰੀ ਸਾਰਾ ਸਾਰਾ ਦਿਨ ਉਸ ਮਗਰ ਭਕਾਈ ਕਰਨੀ ਪੈਂਦੀ। ਫਿਰ ਇੱਕ ਹੋਰ ਝਿਊਰ ਪਰਿਵਾਰ ਪਿੰਡ ਵਿੱਚ ਆਕੇ ਰਹਿਣ ਲੱਗਿਆ। ਉਹਨਾਂ ਦਾ ਪਿਛੋਕੜ ਕਿਸੇ ਭਾਊਆਂ ਦੇ ਪਿੰਡ ਦਾ ਸੀ। ਉਹ ਭੱਠੀ ਵੀ ਤਪਾਉਂਦੇ ਸਨ। ਉਹਨਾਂ ਦੀ ਬੋਲ਼ੀ ਬਹੁਤ ਮਿੱਠੀ ਸੀ। ਪਾਣੀ ਦੀ ਕਿੱਲਤ ਨੂੰ ਵੇਖਦੇ ਹੋਏ ਅਸੀਂ ਕਈ ਵਾਰੀ ਸਾਡੇ ਖੇਤਾਂ ਕੋਲ੍ਹ ਵੱਗਦੀ ਕੱਸੀ ਤੇ ਕਪੜੇ ਧੋਣ ਚਲੇ ਜਾਂਦੇ। ਮੱਝ ਵੀ ਨਾਲ ਹੀ ਲ਼ੈ ਜਾਂਦੇ। ਤੇ ਕਈ ਵਾਰੀ ਰੇਡੀਓ ਵੀ। ਸਾਰੀ ਦਿਹਾੜੀ ਖੇਤ ਕੱਸੀ ਤੇ ਕੱਟਦੇ ਉਥੇ ਹੀ ਚਾਹ ਬਣਾਕੇ ਪੀਂਦੇ ਅਤੇ ਦੁਪਹਿਰੀਆ ਵੀ ਕਰਦੇ। ਪਾਣੀ ਦੀ ਲੰਮੀ ਬੰਦੀ ਦੌਰਾਨ ਮੇਰੀ ਮਾਂ ਮੈਲੇ ਕੱਪੜਿਆਂ ਦੀ ਪੰਡ ਬੰਨ੍ਹਕੇ ਪਿੰਡ ਦੁੱਧ ਲੈਣ ਆਉਂਦੇ ਦੋਧੀਆਂ ਹੱਥ ਮੰਡੀ ਮੇਰੀ ਮਾਸੀ ਕੋਲ੍ਹ ਭੇਜ ਦਿੰਦੀ ਤੇ ਮਾਸੀ ਕਪੜੇ ਧਵਾਕੇ ਪ੍ਰੈਸ ਕਰਕੇ ਭੇਜ ਦਿੰਦੀ। ਪ੍ਰੈਸ ਕੀਤੇ ਕਪੜੇ ਵੇਖਕੇ ਸਾਥੋਂ ਸਾਡੀ ਖੁਸ਼ੀ ਸੰਭਾਲੀ ਨਾ ਜਾਂਦੀ। ਉਂਜ ਵੀ ਪਿੰਡ ਆਉਂਦੇ ਦੋਧੀ ਰਾਮਾਂ ਰੋਸ਼ਨ ਅਤੇ ਮੱਦੀ ਮੇਰੇ ਪਾਪਾ ਜੀ ਦੇ ਮਾਮੇ ਲੱਗਦੇ ਸਨ। ਬਿਹਾਰੀ ਦੋਧੀ ਉਂਜ ਹੀ ਸਾਡਾ ਜਾਣਕਾਰ ਸੀ। ਸਾਡੇ ਕਹਿਣ ਤੇ ਉਹ ਸਹਿਰੋ ਪਾਣੀ ਵਾਲੇ ਡਰੰਮ ਭਰਕੇ ਲਿਆਉਂਦੇ। ਲੋਕ ਊਠਾਂ ਅਤੇ ਟਰਾਲੀਆਂ ਤੇ ਰਾਜਸਥਾਨ ਕਨਾਲ ਅਤੇ ਸਰਹਿੰਦ ਫੀਡਰ ਤੋਂ ਪਾਣੀ ਲਿਆਉਂਦੇ। ਪਾਣੀ ਨੂੰ ਕਿਰਸ ਨਾਲ ਵਰਤਦੇ ਅਤੇ ਇਧਰੋਂ ਉਧਰੋਂ ਬੁੱਤਾ ਸਾਰਦੇ। ਜਿਵੇਂ ਕਿ ਪਹਿਲ਼ਾਂ ਲਿਖਿਆ ਹੈ ਕਿ ਪਿੰਡ ਤਿੰਨ ਆਟਾ ਚੱਕੀਆਂ ਸਨ ਜੋ ਕਾਲੇ ਤੇਲ ਤੇ ਚਲਦੀਆਂ ਸਨ। ਕਈ ਵਾਰੀ ਇਹ ਤਿੰਨੇ ਹੀ ਖਰਾਬ ਹੋ ਜਾਂਦੀਆਂ ਤੇ ਮੈਂ ਆਪਣੇ ਗੁਆਂਢੀਆਂ ਨਾਲ ਉੱਠ ਤੇ ਕਣਕ ਲੱਦਕੇ ਨਾਲਦੇ ਪਿੰਡ ਮਿੱਡੂ ਖੇੜਾ ਤੋਂ ਆਟਾ ਪਿਸਵਾਕੇ ਲਿਆਉਂਦਾ ਕਿਉਂਕਿ ਉਥੇ ਚੱਕੀ ਬਿਜਲੀ ਦੀ ਮੋਟਰ ਨਾਲ ਚੱਲਦੀ ਸੀ। ਉਹ ਚੱਕੀ ਤੇਜ਼ ਚੱਲਦੀ ਸੀ। ਵਾਟਰ ਵਰਕਸ ਬਣਨ ਤੋਂ ਬਾਅਦ ਫਿਰ ਕਦੇ ਪਾਣੀ ਦੀ ਕਿੱਲਤ ਨਹੀਂ ਆਈ। ਬਿਜਲੀ ਦੇ ਆਉਣ ਨਾਲ ਲੋਕਾਂ ਨੇ ਆਪਣੇ ਕਿੱਤੇ ਬਦਲ ਲਏ। ਚੱਕੀਆਂ ਵੀ ਬਿਜਲੀ ਦੀ ਮੋਟਰ ਤੇ ਚੱਲਣ ਲੱਗਿਆਂ। ਡੱਬਵਾਲੀ ਤੋਂ ਅਬੋਹਰ ਵਾਇਆ ਸੀਤੋ ਗੁੰਨੋ ਬੱਸ ਦੇ ਟਾਈਮ ਬਹੁਤ ਘੱਟ ਸਨ। ਮੇਨ ਸਾਧਨ ਟਾਂਗੇ ਅਤੇ ਟੈਂਪੂ ਹੀ ਸਨ। ਟੈਂਪੂ ਨੂੰ ਭੂੰਡ ਆਖਦੇ। ਪਿੰਡ ਘੁਮਿਆਰੇ ਟਾਂਗੇ ਵਾਲੇ ਗੁਰਬਚਨ ਵੀ ਦੋ ਸਨ। ਟਾਂਗਿਆਂ ਦਾ ਜਿਕਰ ਕਰਨ ਵੇਲੇ ਉਸਦੇ ਦੋ ਭਰਾ ਸੁਖਦੇਵ ਸਿੰਘ ਤੇ ਬਲਵੀਰ ਸਿੰਘ, ਰਾਮ ਲਾਲ ਤੇ ਟਹਿਲਾ ਦੋਨੋਂ ਪਿਉ ਪੁੱਤ, ਬਲਵੀਰ ਸਰਸੂਆਂ ਦਾ, ਗੱਜਣ ਲਖੇਸਰ,ਬੂਟਾ ਸਿੰਘ ਪ੍ਰਤਾਪ ਨਿਹੰਗ ਦਾ, ਹਰਨੇਕ ਸਿੰਘ ਮਜ਼ਬੀ ਸਿੱਖ ਦੀ ਗੱਲ ਕਰਨੀ ਵੀ ਜਰੂਰੀ ਹੈ। ਪਿੰਡ ਘੁਮਿਆਰੇ ਸਪੀਕਰ ਵਾਲੇ ਵੀ ਦੋ ਤਿੰਨ ਘਰ ਸਨ। ਇੱਕ ਕਾਲਾ ਸਿੰਘ ਸੀ ਜੋ ਬਾਅਦ ਵਿੱਚ ਸਰਪੰਚ ਪਿੰਡ ਦਾ ਸਰਪੰਚ ਵੀ ਬਣਿਆ। ਉਹ ਹਜਰੈਤ ਕੱਢਣ ਵਾਲਾ ਕਰਕੇ ਵੀ ਜਾਣਿਆ ਜਾਂਦਾ ਸੀ। ਉਹ ਲੱਖਾਂ ਸਿੰਘ ਕਰੋੜੇ ਹੁਰਿਆ ਦਾ ਬਾਪ ਸੀ। ਕਹਿੰਦੇ ਪਹਿਲ਼ਾਂ ਉਹ ਫੌਜ਼ ਵਿੱਚ ਸੀ। ਕਿਸੇ ਨਜ਼ਦੀਕੀ ਹੋਏ ਬੰਬ ਧਮਾਕੇ ਦੀ ਆਵਾਜ਼ ਨਾਲ ਉਸਦੇ ਕੰਨਾਂ ਦੇ ਪਰਦੇ ਪਾਟ ਗਏ ਜਿਸ ਕਰਕੇ ਉਸ ਨੂੰ ਪੈਨਸ਼ਨ ਦੇਕੇ ਘਰ ਭੇਜ ਦਿੱਤਾ ਸੀ। ਉਹ ਬਹੁਤ ਜੁਰਤ ਅਤੇ ਦਲੇਰੀ ਵਾਲਾ ਬੰਦਾ ਸੀ। ਕਿਸੇ ਵੇਲੇ ਉਸਨੇ ਆਪਣਾ ਖੂੰਡਾ ਠਾਣੇਦਾਰ ਦੇ ਗੱਲ ਵਿੱਚ ਪਾ ਲਿਆ ਸੀ। ਉਹ ਉਰਦੂ ਭਾਸ਼ਾ ਦਾ ਜਾਣਕਾਰ ਸੀ। ਪ੍ਰਸਿੱਧ ਪਹਿਲਵਾਨ ਮੇਹਰਦੀਨ ਦਾ ਨਾਮ ਵੀ ਕਿਵੇਂ ਨਾ ਕਿਵੇਂ ਘੁਮਿਆਰੇ ਨਾਲ ਜੁੜਦਾ ਹੈ। ਕਿਉਂਕਿ ਉਸ ਦੀ ਭੈਣ ਲੋਹਾਰ ਹਿਸਾਬਦੀਨ ਨੂੰ ਵਿਆਹੀ ਸੀ। ਕਈ ਵਾਰੀ ਉਹ ਪਿੰਡ ਘੁਮਿਆਰੇ ਆਪਣੀ ਭੈਣ ਨੂੰ ਮਿਲਣ ਆਉਂਦਾ। ਪਹਿਲਵਾਨ ਮੇਹਰਦੀਨ ਦੇ ਕਈ ਭਰਾ ਸਨ ਉਹ ਵੀ ਘੁਲਦੇ ਹੁੰਦੇ ਸਨ। ਮੇਹਰਦੀਨ ਨੇ ਆਪਣੀ ਭੈਣ ਨੂੰ ਇੱਕ ਵਿਦੇਸ਼ੀ ਟੇਪ ਰਿਕਾਰਡਰ ਤੋਹਫੇ ਵਜੋਂ ਦਿੱਤਾ ਸੀ। ਇਹ ਸਭ ਲਈ ਨਵੀ ਚੀਜ਼ ਸੀ। ਲੋਹਾਰ ਹਿਸਾਬਦੀਨ ਨੇ ਉਸ ਟੇਪ ਰਿਕਾਡਰ ਦੀ ਮਜ਼ਬੂਤੀ ਲਈ ਉਸਤੇ ਲੋਹੇ ਦਾ ਕਵਰ ਚੜਾ ਦਿੱਤਾ। ਲੋਕੀ ਹੱਸਦੇ ਕਿ ਲੋਹਾਰਾਂ ਨੇ ਲੋਹਾਰਾਂ ਵਾਲੀ ਗੱਲ ਕਰ ਦਿੱਤੀ। ਪਿੰਡ ਘੁਮਿਆਰਾ ਦੀਆਂ ਇਹ ਛੋਟੀਆਂ ਛੋਟੀਆਂ ਗੱਲ ਮੇਰੇ ਜ਼ਹਿਨ ਵਿੱਚ ਸਦਾ ਘੁੰਮਦੀਆਂ ਰਹਿੰਦੀਆਂ ਹਨ। ਇਹ ਖੱਟੀਆਂ ਮਿੱਠੀਆਂ ਯਾਦਾਂ ਇੱਕ ਵਿਸ਼ਾਲ ਖਜ਼ਾਨੇ ਦੀ ਤਰ੍ਹਾਂ ਹੈ। #ਰਮੇਸ਼ਸੇਠੀਬਾਦਲ 9876627233

Please log in to comment.