ਇਹ ਕਹਾਣੀ ਮੈਂ ਮੇਰੇ ਹੋਣਹਾਰ ਵਿਦਿਆਰਥੀ ਦੀ ਦੱਸਣ ਜਾ ਰਹੀ ਹਾਂ। ਜੋ ਕਿ ਪਿਛਲੇ ਸਾਲ ਦੌਰਾਨ ਟੀ.ਪੀ. ਟਾਇਮ ਕੋਲ ਪੜਦਾ ਸੀ। ਉੱਥੇ ਮੇਰੀ ਮੁਲਾਕਾਤ ਇਕ ਬੱਚੇ ਨਾਲ ਹੋਈ ਜੋ ਕਿ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਉਸ ਦਾ ਸੁਭਾਅ ਹੋਰ ਬੱਚਿਆਂ ਤੋਂ ਅਲੱਗ ਸੀ,ਉਹ ਹਰ ਸਮੇਂ ਉਦਾਸ ਰਹਿੰਦਾ ਸੀ।ਸਕੂਲ ਵੀ ਕਦੇ - ਕਦੇ ਆਉਂਦਾ ਸੀ।ਜਿਸ ਕਾਰਨ ਉਸਦਾ ਪੜ੍ਹਾਈ ਵੱਲ ਜਮਾ ਵੀ ਧਿਆਨ ਨਹੀਂ ਸੀ ਲੱਗਦਾ।ਉਹ ਇਕੱਲਾ ਹੀ ਰਹਿੰਦਾ ਸੀ। ਮੈਂ ਉਸਨੂੰ ਇੱਕ ਦਿਨ ਆਪਣੇ ਕੋਲ ਬੁਲਾਇਆ, ਉਸਨੂੰ ਪੁੱਛਿਆ ਬੱਚੇ ਤੈਨੂੰ ਕਿਸ ਗੱਲ ਦਾ ਦੁੱਖ ਹੈ, ਉਹ ਕੁੱਝ ਨਹੀਂ ਬੋਲਿਆ। ਮੈਂ ਕੁਝ ਸੋਚਿਆ ਉਸਨੂੰ ਕਿਹਾ ਮੇਰੀ ਇੱਕ ਗੱਲ ਮੰਨੇਗਾ ਤਾਂ ਬੱਚੇ ਨੇ ਹਾਂ ਜੀ ਦਾ ਹੁੰਗਾਰਾ ਦਿੱਤਾ । ਮੈਂ ਉਸਨੂੰ ਕਿਹਾ ਜਾਓ ਦੋ ਗਲਾਸਾਂ ਵਿੱਚ ਨਮਕ ਭਰ ਕੇ ਲਿਆ।ਫਿਰ ਮੈਂ ਕਿਹਾ ਜਾਓ ਹੁਣ ਇੱਕ ਜੱਗ ਪਾਣੀ ਭਰ ਕੇ ਲੈ ਆ ।ਬੱਚਾ ਸਭ ਚੀਜ਼ਾਂ ਲੈ ਆਇਆਂ, ਮੈਂ ਉਸਨੂੰ ਕਿਹਾ ਇੱਕ ਗਲਾਸ ਨਮਕ ਦਾ ਜੱਗ ਵਿੱਚ ਪਾ ਦਿਓ, ਬੱਚੇ ਨੇ ਇਵੇਂ ਹੀ ਕੀਤਾ। ਮੈਂ ਕਿਹਾ ਹੁਣ ਇਸ ਪਾਣੀ ਨੂੰ ਪੀ, ਬੱਚੇ ਨੇ ਇੱਕ ਘੁੱਟ ਭਰ ਕੇ ਕਿਹਾ ਕਿੰਨਾ ਕੌੜਾ ਹੈ। ਮੈਂ ਥੋੜ੍ਹਾ ਜਾ ਮੁਸਕਰਾਈ ਤੇ ਬੱਚੇ ਨੂੰ ਕਿਹਾ ਚੱਲ ਦਰਿਆ ਕਿਨਾਰੇ ਚੱਲੀਏ। ਉਹ ਮੇਰੇ ਨਾਲ ਦਰਿਆ ਕਿਨਾਰੇ ਆ ਗਿਆ।ਫਿਰ ਮੈਂ ਬੱਚੇ ਨੂੰ ਕਿਹਾ ਇੱਕ ਨਮਕ ਭਰਿਆ ਗਲਾਸ ਦਰਿਆ ਵਿੱਚ ਪਾ ਦਿਓ ।ਫਿਰ ਮੈਂ ਬੱਚੇ ਨੂੰ ਦਰਿਆ ਚੋਂ ਪਾਣੀ ਦੀ ਇਕ ਘੁੱਟ ਭਰਨ ਲਈ ਕਿਹਾ,ਘੁੱਟ ਭਰਨ ਤੋਂ ਬਾਅਦ ਬੱਚੇ ਨੇ ਕਿਹਾ ਪਾਣੀ ਕਿੰਨਾ ਸਵਾਦ ਤੇ ਤਾਜ਼ਾ ਹੈ। ਮੈਂ ਹੱਸਦੀ ਨੇ ਕਿਹਾ ਸਵਾਦ ਤੇ ਤਾਜ਼ਾ ਤਾਂ ਹੋਣਾ ਹੀ ਸੀ। ਕਿਉਂਕਿ ਦਰਿਆ ਦਾ ਦਿਲ ਬਹੁਤ ਵੱਡਾ ਹੁੰਦਾ ਹੈ ।ਇਸ ਵਿੱਚ ਕੁਝ ਵੀ ਮਿਲਾ ਦਿਓ ਦਰਿਆ ਤੇ ਕੋਈ ਅਸਰ ਨਹੀਂ ਹੋਵੇਗਾ ,ਇਸਦਾ ਸਵਾਦ ਉਸ ਤਰ੍ਹਾਂ ਹੀ ਬਰਕਰਾਰ ਰਹੇਗਾ। ਜੇਕਰ ਜੱਗ ਦੀ ਗੱਲ ਕਰਾਂ ਤਾਂ ਉਹ ਬਹੁਤ ਛੋਟਾ ਤੇ ਜਿੰਨੀ ਸਮੱਰਥਾ ਉਹ ਰੱਖਦਾ ਹੈ, ਉਸ ਵਿੱਚ ਉਹਨਾਂ ਹੀ ਪਾਣੀ ਪਾਓਗੇ।ਹੁਣ ਜੱਗ ਦਾ ਦਿਲ ਕੀ ਹੈ ?? ਬੱਚੇ ਨੇ ਕਿਹਾ ਜੱਗ ਦਾ ਦਿਲ ਬਹੁਤ ਛੋਟਾ ਹੋਵੇਗਾ। ਮੈਂ ਕਿਹਾ ਕਿਸੇ ਵੀ ਦੁੱਖ ਤਕਲੀਫ ਦਾ ਨਾਸ ਕਰਨ ਦਰਿਆ ਵਾਂਗ ਵੱਡਾ ਦਿਲ ਰੱਖੋ।ਬੱਚਾ ਇਹ ਗੱਲ ਸਮਝ ਗਿਆ ਤੇ ਰੋਜ਼ਾਨਾ ਸਕੂਲ ਆਉਣ ਲੱਗਾ। ਆਪਣੇ ਜ਼ਿੰਦਗੀ ਦੇ ਦੁੱਖਾਂ ਨੂੰ ਭੁੱਲ ਕੇ ਖੁਸ਼ ਰਹਿਣ ਲੱਗਾ। ਮੇਰਾ ਤਾਂ ਇਹ ਹੀ ਕਹਿਣਾ ਹੈ ਕਿ ਜ਼ਿੰਦਗੀ ਵਿੱਚ ਕਿੰਨੇ ਵੀ ਦੁੱਖ ਜਾਂ ਮੋੜ ਆਉਣ,ਪਰ ਹਮੇਸ਼ਾ ਆਪਣਾ ਦਿਲ ਦਰਿਆ ਵਾਂਗ ਰੱਖੋ।।
Please log in to comment.