ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਦ ਆਪਣੇ ਪੁੱਤ ਤੇ ਪਤੀ ਨਾਲ਼ ਘਰ ਵਾਪਸ ਆ ਰਹੀ ਸੀ ਤਾਂ ਉਸਨੇ ਪੁੱਛਿਆ,"ਪੁੱਤ ਕਿੰਨਾ ਕੁ ਖਰਚਾ ਹੋ ਗਿਆ ਮੇਰੇ ਅਪਰੇਸ਼ਨ ਤੇ... ਇਸ ਮਹੀਨੇ ਤਾਂ ਪਹਿਲਾਂ ਈ ਬੜੇ ਖਰਚੇ ਹੋ ਗੇ ਸੀ ਤੇਰੇ...ਨਾਲ਼ੇ ਇਹ ਦੋ ਮਹੀਨਿਆਂ ਚ ਤਾਂ ਤੇਰਾ ਟੈਕਸ ਹੀ ਬੜਾ ਕੱਟਿਆ ਗਿਆ...ਤੇ ਉੱਪਰੋਂ ਮੈਂ ਹੋਰ ਬੋਝ ਪਾ ਤਾ ਤੇਰੇ ਤੇ...|" ਪੁੱਤ ਸੰਦੀਪ ਨੇ ਮਾਂ ਨੂੰ ਜੱਫੀ ਪਾਉਂਦਿਆਂ ਵਿੱਚੋਂ ਹੀ ਟੋਕਦਿਆਂ ਕਿਹਾ,"ਮੰਮੀ, ਕਿਹੜਾ ਬੋਝ...ਮਾਂ ਤੇ ਖਰਚ ਕੀਤਾ ਪੈਸਾ ਕਦੋਂ ਤੋਂ ਬੋਝ ਹੋ ਗਿਆ |ਤੁਸੀ ਫ਼ਿਕਰ ਨਾਂ ਕਰੋ,ਤੇ ਮਨ ਤੇ ਕੋਈ ਬੋਝ ਨੀਂ ਪਾਉਣਾ |ਬਿਮਾਰੀ -ਠਿਮਾਰੀ ਨੇ ਤਾਂ ਚੱਲਦੇ ਰਹਿਣਾ ਹੁੰਦਾ |ਹੁਣ ਤੁਸੀ ਮੈਨੂੰ ਦੱਸੋ ਜਦੋਂ ਬਚਪਨ ਚ ਮੈਨੂੰ ਪਿੰਡ ਆਲੇ ਡਾਕਟਰ ਨੇ ਜੁਆਬ ਦੇ ਦਿੱਤਾ ਸੀ ਤੇ ਸ਼ਹਿਰ ਦੇ ਹਸਪਤਾਲ ਵਿੱਚ ਮਹੀਨਾ ਭਰ ਮੈਂ ਦਾਖਲ ਸੀ ਤਾਂ ਤੁਸੀ ਕਿਵੇਂ ਸਕੂਲ ਤੋਂ ਕਰਜ਼ਾ ਚੁੱਕ ਕੇ ਮੇਰਾ ਇਲਾਜ ਨੀਂ ਕਰਵਾਇਆ ਸੀ,ਫੇਰ ਤਾਂ ਮੈਂ ਵੀ ਉਦੋਂ ਬੋਝ ਪਾ ਤਾ ਸੀ ਥੋਡੇ ਤੇ.. |" ਕੋਲ ਬੈਠੇ ਸੰਦੀਪ ਦੇ ਪਿਤਾ ਨੇ ਕਿਹਾ,"ਪੁੱਤ,ਉਦੋਂ ਤਾਂ ਮੈਂ ਵੀ ਕੰਪਨੀ ਤੋਂ ਅਡਵਾਂਸ ਫੜ ਲਿਆ ਸੀ,ਪਰ ਹੁਣ ਤਾਂ ਸਾਡੀ ਕੋਈ ਪੈਨਸ਼ਨ ਵੀ ਨਹੀਂ...|" "ਪਾਪਾ,ਥੋਡਾ ਇਹ ਪੁੱਤ ਹੀ ਥੋਡੀ ਅਸਲ ਪੈਨਸ਼ਨ ਆ...ਅੱਜ ਮੈਂ ਐਨੀ ਵਧੀਆ ਸਰਕਾਰੀ ਨੌਕਰੀ ਕਰਨ ਜੋਗਾ ਵੀ ਤਾਂ ਥੋਡੀਆਂ ਕਮਾਈਆਂ ਕਰ ਕੇ ਈ ਹੋ ਸਕਿਆਂ ਸਾਰੀ ਜ਼ਿੰਦਗੀ ਤੁਸੀ ਆਪਣੇ ਢਿੱਡ ਨੂੰ ਗੰਢ ਮਾਰ ਮਾਰ ਕੇ ਸਾਡੇ ਦੋਵੇਂ ਭੈਣ ਭਰਾਵਾਂ ਦੇ ਸਾਰੇ ਸ਼ੌਕ ਪੁਗਾਏ ਤੇ ਹੁਣ ਮੇਰੀ ਵਾਰੀ ਹੈ ਤੁਹਾਡੇ ਅਧੂਰੇ ਸੁਪਨਿਆਂ ਨੂੰ ਪੂਰੇ ਕਰਨ ਦੀ |" ਪੁੱਤ ਦੀ ਗੱਲ ਸੁਣ ਕੇ ਕਿਰਨ ਸੋਚਣ ਲੱਗੀ ਕਿ ਉਹ ਦੋਵੇਂ ਪਤੀ ਪਤਨੀ 35-36 ਸਾਲ ਨੌਕਰੀ ਕਰਨ ਤੋਂ ਬਾਦ ਹੁਣ ਸੇਵਾ ਮੁਕਤ ਹੋ ਚੁੱਕੇ ਹਨ |ਕਿਰਨ ਇੱਕ ਪ੍ਰਾਈਵੇਟ ਪਬਲਿਕ ਸਕੂਲ ਵਿੱਚ ਅਧਿਆਪਕਾ ਸੀ ਤੇ ਉਸਦੇ ਪਤੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਬਤੌਰ ਮੈਨੇਜਰ ਨੌਕਰੀ ਕਰਦੇ ਸਨ |ਦੋਹਾਂ ਦੀਆਂ ਤਨਖਾਵਾਂ ਬੱਸ ਇੰਨੀਆ ਕੁ ਹੁੰਦੀਆਂ ਸੀ ਕਿ ਉਹ ਆਪਣੇ ਬੇਟੀ -ਬੇਟੇ ਨੂੰ ਵਧੀਆ ਪਰਵਰਿਸ਼,ਪੜ੍ਹਾਈ ਤੇ ਸੰਸਕਾਰ ਦੇਣ ਤੋਂ ਬਾਦ ਆਪਣਾ ਇੱਕ ਵਧੀਆ ਘਰ ਬਣਾ ਸਕੇ ਸਨ ਤੇ ਥੋੜੀ ਬਹੁਤ ਬੱਚਤ ਕਰਕੇ ਉਹ ਕੁੱਝ ਰਕਮ ਇੱਕਠੀ ਕਰ ਸਕੇ ਸਨ,ਉਹ ਵੀ ਉਹਨਾਂ ਨੇ ਦੋਵਾਂ ਬੱਚਿਆਂ ਦੇ ਵਿਆਹਾਂ ਤੇ ਖਰਚ ਕਰ ਦਿੱਤੀ ਸੀ | ਕੋਲੋਂ ਉਹਦਾ ਪਤੀ ਬੋਲਿਆ,"ਭਲੀਏ ਲੋਕੇ,ਅਸੀਂ ਜੇ ਸਾਰੀ ਜ਼ਿੰਦਗੀ ਨੇਕ ਕਮਾਈ ਕੀਤੀ,ਕਿਸੇ ਦਾ ਬੁਰਾ ਨੀਂ ਕੀਤਾ...ਤਾਂ ਹੀ ਰੱਬ ਨੇ ਸਾਨੂੰ ਇੰਨੀ ਸਿਆਣੀ ਸੰਤਾਨ ਬਖਸ਼ੀ ਆ,ਸੱਚ ਕਹਿੰਦੇ ਨੇ ਬੰਦੇ ਦੇ ਕੀਤੇ ਕਰਮਾਂ ਦਾ ਫ਼ਲ ਹੁੰਦੀ ਐ ਸੰਤਾਨ.. ਸਾਡੀ ਅਸਲ ਪੈਨਸ਼ਨ ਤਾਂ ਸਾਡੀ ਚੰਗੀ ਸੰਤਾਨ ਹੀ ਹੈ,ਧੀ ਆਪਣੇ ਘਰ ਖੁਸ਼ ਤੇ ਪੁੱਤ ਆਪਣੀ ਜ਼ਿੰਦਗੀ ਚ ਖੁਸ਼ੀਆਂ ਮਾਣ ਰਿਹਾ ਤੇ ਸਾਨੂੰ ਕਦੇ ਵੀ ਕਿਸੇ ਗੱਲੋਂ ਔਖੇ ਨੀਂ ਹੋਣ ਦਿੰਦਾ...ਰੱਬ ਇਹਨੂੰ ਸਦਾ ਸੁੱਖ ਤੇ ਖੁਸ਼ੀਆਂ ਬਖਸ਼ੇ...ਰੱਬ ਸਾਰਿਆਂ ਨੂੰ ਇਹੋ ਜਿਹੀ ਸੰਤਾਨ ਨਾਲ਼ ਨਿਵਾਜੇ | 🙏🏼🙏🏼ਬੀਨਾ ਬਾਵਾ,ਲੁਧਿਆਣਾ 🙏🏼🙏🏼
Please log in to comment.