ਇਹ ਕਹਾਣੀ ਇੱਕ ਰਿਸ਼ਵਤਖੋਰ ਅਤੇ ਜ਼ਾਲਮ ਪੁਲਿਸ ਵਾਲੇ ਦੀ ਹੈ — ਜਿਸਦਾ ਨਾਮ ਸੀ ਇਨਸਪੈਕਟਰ ਹਰਮਿੰਦਰ ਸਿੰਘ। ਹਰਮਿੰਦਰ ਸਿੰਘ ਇੱਕ ਵੱਡੇ ਸ਼ਹਿਰ ਚ ਥਾਣੇਦਾਰੀ ਕਰਦਾ ਸੀ। ਲੋਕਾਂ ਨੂੰ ਕਾਨੂੰਨ ਦੀ ਥਾਂ ਆਪਣੇ ਜੁਲਮਾਂ ਨਾਲ ਡਰਾਉਂਦਾ। ਗਰੀਬਾਂ ਨੂੰ ਝੂਠੇ ਮਾਮਲਿਆਂ ’ਚ ਫਸਾ ਕੇ ਪੈਸੇ ਲੈਂਦਾ। ਜਿਸ ਵੀ ਘਰ ਵਿੱਚ ਕੋਈ ਮੁਸ਼ਕਿਲ ਹੋਵੇ, ਓਥੇ ਜਾਂਦਾ ਨਹੀਂ ਸੀ — ਜਦ ਤੱਕ ਰਿਸ਼ਵਤ ਨਾ ਮਿਲੇ। ਪਰ ਮਸਲਾ ਸਿਰਫ ਰਿਸ਼ਵਤ ਤੱਕ ਨਹੀਂ ਸੀ। ਉਹ ਕੁਝ ਹੋਰ ਵੀ ਕਰਦਾ ਸੀ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ — ਨੌਜਵਾਨ ਕੁੜੀਆਂ ਨੂੰ ਝੂਠੇ ਮਾਮਲੇ ਵਿਚ ਫਸਾ ਕੇ ਉਨ੍ਹਾਂ ਨਾਲ ਜ਼ਬਰਦਸਤੀ ਕਰਦਾ। ਉਸਦੇ ਜੁਲਮਾਂ ਦੀ ਰਾਤ ਲੰਮੀ ਸੀ, ਪਰ ਇਨਸਾਫ਼ ਦਾ ਸਵੇਰਾ ਆਉਣ ਵਾਲਾ ਸੀ। ਉਸਦਾ ਪੁੱਤਰ, ਜੋ ਪਿਤਾ ਦੀ ਦੌਲਤ ਤੇ ਅਹੰਕਾਰ ’ਚ ਵੱਡਾ ਹੋਇਆ ਸੀ, ਨਸ਼ਿਆਂ ਦੀ ਲਤ ’ਚ ਪੈ ਗਿਆ। ਹਰਮਿੰਦਰ ਨੇ ਕਈ ਵਾਰ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਿਹਾ । ਪਰ ਹੁਣ ਜਦੋਂ ਪੁੱਤਰ ਜ਼ਹਿਰ ਵਰਗੇ ਨਸ਼ਿਆਂ ਦਾ ਗੁਲਾਮ ਬਣ ਗਿਆ, ਤਦ ਉਸਨੇ ਸੋਚਿਆ ਕਿ ਇਹ ਕਿਸੇ ਹੋਰ ਦੀ ਨਹੀਂ, ਉਸ ਦੀ ਆਪਣੀ ਹੀ ਕਮਾਈ ਹੈ। ਉਸਦੀ ਧੀ, ਜੋ ਅਕਸਰ ਪਿਤਾ ਦੇ ਰੌਬ ਤੋਂ ਡਰੀ ਰਹਿੰਦੀ ਸੀ, ਇੱਕ ਨੌਜਵਾਨ ਮੁੰਡੇ ਨਾਲ ਭੱਜ ਗਈ। ਕਹਿੰਦੇ ਹਨ ਕਿ ਉਸਨੂੰ ਪਤਾ ਸੀ ਕਿ ਜੇ ਘਰ ਰਹੀ ਤਾਂ ਵੀ ਪਿਤਾ ਉਸਦੀ ਮਰਜ਼ੀ ਨੂੰ ਕਦੇ ਇਜ਼ਤ ਨਹੀਂ ਦੇਵੇਗਾ। ਉਸਦੀ ਘਰਵਾਲੀ, ਜੋ ਸਾਲਾਂ ਤੋਂ ਉਸਦੇ ਜੁਲਮ ਸਹਿ ਰਹੀ ਸੀ, ਆਖਿਰ ਇੱਕ ਦਿਨ ਚੁਪ ਚਾਪ ਘਰ ਛੱਡ ਗਈ। ਚਿੱਠੀ ਵਿਚ ਲਿਖਿਆ ਸੀ: “ਤੂੰ ਲੋਕਾਂ ਨੂੰ ਦੁਖੀ ਕਰਦਾ ਰਿਹਾ, ਪਰ ਮੈਂ ਸਦੀਆਂ ਤੋਂ ਚੁਪ ਰਹੀ । ਹੁਣ ਨਹੀਂ। ਕੋਈ ਮਾਫ਼ੀ ਨਹੀਂ, ਤੈਨੂੰ ਛੱਡ ਕੇ ਜਾ ਰਹੀ ਹਾਂ।” ਅਖ਼ੀਰਕਾਰ, ਇੱਕ ਦਿਨ ਉਸ ਉੱਤੇ ਇੱਕ ਨੌਜਵਾਨ ਕੁੜੀ ਨੇ ਹਿੰਸਾ ਅਤੇ ਰੇਪ ਦਾ ਕੇਸ ਦਰਜ ਕਰਵਾ ਦਿੱਤਾ। ਗਵਾਹੀ, ਸਬੂਤ ਅਤੇ ਲੋਕਾਂ ਦਾ ਦਬਾਅ — ਸਭ ਕੁਝ ਇੱਕੱਠਾ ਹੋ ਗਿਆ। ਕਾਨੂੰਨ ਨੇ ਫੈਸਲਾ ਕੀਤਾ — ਮੌਤ ਦੀ ਸਜ਼ਾ। ਜਦੋਂ ਉਹ ਫਾਂਸੀ ਦੇ ਤਖਤੇ ਵੱਲ ਲਿਜਾਇਆ ਗਿਆ, ਤਾਂ ਪਹਿਲੀ ਵਾਰ ਉਸ ਦੀ ਅੱਖਾਂ ’ਚ ਡਰ ਸੀ । ਉੱਚੀ ਉੱਚੀ ਰੋ ਰਿਹਾ ਸੀ ਕਿ ਮੈਂ ਜਿਹਨਾਂ ਲਈ 2 ਨੰਬਰ ਦਾ ਕੰਮ ਕੀਤਾ ਉਹ ਹੀ ਮੈਨੂੰ ਛੱਡ ਗਏ । ਉਸਨੇ ਆਖ਼ਰੀ ਵਾਰ ਕਿਹਾ: “ਮੇਰੇ ਕਰਮਾਂ ਨੇ ਮੇਰੀ ਤਕਦੀਰ ਲਿਖੀ। ਅੱਜ ਕਾਨੂੰਨ ਨੇ ਨਹੀਂ, ਮੇਰੇ ਆਪਣੇ ਕੰਮਾਂ ਨੇ ਮੈਨੂੰ ਮਾਰਿਆ ਹੈ।”
Please log in to comment.