Kalam Kalam
k
Kulwinder Kaur
7 months ago

ਜਦੋਂ ਇੱਕ ਪਿਓ ਵਾਰ੍ਹੀ ਧੀ ਦੀ ਡੋਲੀ ਤੁਰੀ। kulwinder kaur

ਸੁਰਜਨ ਸਿੰਘ ਇੱਕ ਗਰੀਬ ਘਰ ਦਾ ਬੜਾ ਮਿਹਨਤੀ ਇਨਸਾਨ ਸੀ। ਹੁਣ ਤੁਸੀਂ ਕਹੋਗੇ ਕਿ ਮਿਹਨਤੀ ਇਨਸਾਨ ਗਰੀਬ ਕਿਵੇਂ ਹੋ ਸਕਦਾ ਹੈ। ਆਪਣੇ ਦੇਸ਼ ਵਿਚ ਤਾਂ ਇਵੇਂ ਹੀ ਹੈ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਣ ਵਾਲਾ ਗਰੀਬ ਹੀ ਹੈ ਇੱਥੇ ਤਾਂ ਨਸ਼ੇ ਵੇਚਣ ਵਾਲੇ ਜਾਂ ਵਕਾਉਣ ਵਾਲੇ ਹੀ ਅਮੀਰ ਨੇ। ਇੱਕ ਵਿਚਾਰੇ ਦਾ ਕੰਮ ਹੀ ਇਸ ਤਰ੍ਹਾਂ ਦਾ ਸੀ। ਖੂਹ ਪਟਦਾ ਹੁੰਦਾ ਸੀ ਸਾਡੇ ਪਿੰਡ ਚ ਪਹਿਲਾਂ ਪੀੜੀਆਂ ਤੋਂ ਹੀ ਇਹ ਕੰਮ ਕਰਦੇ ਸੀ ਉਹ। ਇਹ ਕੰਮ ਰੋਜ਼ ਨਹੀਂ ਮਿਲਦਾ ਸੀ ਉਸ ਨੂੰ ਵੈਸੇ ਤਾਂ ਆਸ ਪਾਸ ਦੇ ਪਿੰਡਾਂ ਵਿੱਚ ਵੀ ਜਾਂਦਾ ਸੀ ਪਰ ਫਿਰ ਵੀ ਇੰਨਾ ਕੰਮ ਨਹੀਂ ਸੀ ਮਿਲਦਾ।ਪਰ ਹਰ ਇਕ ਦੇ ਕੰਮ ਆਉਂਦਾ ਸੀ ਜਿਸ ਦਿਨ ਵਿਹਲਾ ਹੁੰਦਾ ਦਿਹਾੜੀ ਤੇ ਚਲਾ ਜਾਂਦਾ ਜੇ ਕੋਈ ਪੁੱਛਦਾ ਕਿੰਨੀ ਦਿਹਾੜੀ ਲਵੇਗਾ ਤਾਂ ਕਹਿ ਦਿੰਦਾ ਦੇ ਦੇਵੀਂ ਜਿਹੜੇ ਦੇਣੇ ਆ ਪਰ ਭੁੱਖਾ ਨਾ ਸੌਣ ਦੇਵੀਂ ਇਹ ਸੁਣ ਕੇ ਸਾਹਮਣੇ ਵਾਲਾ ਦੋ ਰੁਪਏ ਵੱਧ ਹੀ ਦਿੰਦਾ। ਵਿਆਹਿਆ ਹੋਇਆ ਸੀ ਇੱਕ ਧੀ ਦਿੱਤੀ ਸੀ ਪਰਮਾਤਮਾ ਨੇ ਪਰ ਫੇਰ ਕੋਈ ਬੱਚਾ ਨਾਂ ਹੋਇਆ ਨਾਂ ਹੀ ਇਲਾਜ ਕਰਵਾਉਣ ਲਈ ਪੈਸੇ ਸਨ। ਬਹੁਤ ਹਿਸਾਬ ਸੀ ਆਪਣੇ ਕੰਮ ਦਾ ਪਹਿਲਾ ਖੂਹ ਪਟਦਾ ਤੇ ਫੇਰ ਉਸ ਨੂੰ ਪੱਕਾ ਵੀ ਕਰ ਲੈਂਦਾ ਸੀ ਕਦੇ ਕੋਈ ਨੁਕਸਾਨ ਨਹੀਂ ਸੀ ਖਾਧਾ।ਜੇ ਮਿੱਟੀ ਹਿਲਦੀ ਦਿਖਦੀ ਝੱਟ ਬਾਹਰ ਆ ਜਾਂਦਾ ਫਿਰ ਦੋ ਦਿਨ ਵਿੱਚ ਨਹੀਂ ਸੀ ਵੜਦਾ।ਪਰ ਜਿਵੇਂ ਲਿਖੀ ਹੋਵੇ।ਚੰਗਾ ਭਲਾ ਖੂਹ ਪੱਟ ਲਿਆ ਥੱਲਿਓਂ ਪੱਕਾ ਕਰਦਾ ਆ ਰਿਹਾ ਸੀ ਉਪਰੋਂ ਇੱਕ ਦਮ ਇਹੋ ਜਿਹੀ ਢਿੱਗ ਡਿੱਗੀ ਨਿਕਲਣ ਦਾ ਮੌਕਾ ਹੀ ਨਾ ਦਿੱਤਾ। ਵੇਖਦਿਆਂ ਹੀ ਵੇਖਦਿਆਂ ਸਾਰਾ ਖੂਹ ਮਿਲ ਗਿਆ। ਗੁਰਦੁਆਰਾ ਸਾਹਿਬ ਅਨਾਊਂਸਮੈਂਟ ਕਰਵਾ ਦਿੱਤੀ ਗਈ ਸਾਰਾ ਪਿੰਡ ਮਿੰਟਾਂ ਵਿੱਚ ਇੱਕਠਾਂ ਹੋ ਗਿਆ। ਲੋਕ ਟਰੈਕਟਰਾਂ ਮਗਰ ਕਰਾਹ ਪਾ ਕੇ ਲੈ ਗਏ। ਕੋਈ ਕਹੀ ਲੈ ਕੇ ਭੱਜ ਲਿਆ ਜਿਸ ਦੇ ਹੱਥ ਜੋ ਵੀ ਸੰਦ ਆਇਆ ਸਭ ਲੈ ਕੇ ਆ ਗਏ।ਅੱਧੇ ਘੰਟੇ ਵਿੱਚ ਸੁਰਜਨ ਸਿਉਂ ਬਾਹਰ ਕੱਢ ਲਿਆ ਲੋਕਾਂ ਨੇ ਡਾਕਟਰ ਨੂੰ ਪਹਿਲਾਂ ਹੀ ਸੱਦ ਲਿਆ ਸੀ ਪਰ ਉਹ ਵੀ ਕੁਝ ਨਹੀਂ ਕਰ ਸਕਿਆ ਮਾੜੀ ਖਬਰ ਸੁਣਾ ਕੇ ਉਹ ਵੀ ਚਲਿਆ ਗਿਆ। ਪਿੱਛੋਂ ਧੀ ਅਤੇ ਮਾਂ ਇੱਕਲੀਆਂ ਰਹਿ ਗਈਆਂ ਪਰ ਲੋਕਾਂ ਨੇ ਉਨ੍ਹਾਂ ਦਾ ਬੜਾ ਸਾਥ ਦਿੱਤਾ।ਧੀ ਨੂੰ ਹਰ ਕੋਈ ਚੀਜ਼ ਵਸਤ ਦਿੰਦਾ। ਬੱਚੀ ਪੜ੍ਹੀ ਲਿਖੀ ਤਾਂ ਨਹੀਂ ਸੀ ਲੋਕਾਂ ਦੇ ਘਰਾਂ ਚ ਮਾਂ ਨਾਲ ਕੰਮ ਕਰਵਾਉਂਦੀ ਸੀ ਮਾਂ ਨੇ ਆਉਂਦੇ ਜਮਾਨੇ ਨੂੰ ਵੇਖ ਵਿਹਾਉਣ ਬਾਰੇ ਸੋਚਿਆ।ਚਲੋ ਧੀ ਮੰਗੀ ਗਈ ਤੇ ਜਦੋਂ ਮਾਂ ਨੇ ਉਸ ਦਾ ਵਿਆਹ ਕੀਤਾ ਤਾਂ ਲੋਕਾਂ ਨੇ ਸਮਾਨ ਦੇਣ ਵਾਲੇ ਰਿਕਾਰਡ ਤੋੜ ਦਿੱਤੇ।ਜਿਸ ਦੀ ਜੋ ਵੀ ਸ਼ਰਧਾ ਸੀ ਤੇ ਜਿੰਨੀ ਕੁ ਪਹੁੰਚ ਸੀ ਹਰ ਇੱਕ ਨੇ ਕੁਝ ਨਾਂ ਕੁਝ ਦਿੱਤਾ। ਵਿਆਹ ਹੋ ਗਿਆ ਤੇ ਜਦੋਂ ਡੋਲੀ ਤੁਰਨ ਲੱਗੀ ਤਾਂ ਲੋਕਾਂ ਨੇ ਕੰਧਾਂ ਵੀ ਰਵਾ ਦਿੱਤੀਆਂ।ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਸੀ।ਹਰ ਇੱਕ ਕਹਿ ਰਿਹਾ ਸੀ ਆਵਦੇ ਘਰ ਸੌਖੀ ਵਸੇ ਪਿਓ ਵਾਰ੍ਹੀ ਧੀ ਆ। ਧੰਨਵਾਦ ਜੀ।

Please log in to comment.