ਹਰ ਇਕ ਨੂੰ ਬਹੁਤ ਖੁਸ਼ੀ ਹੈ ਕਿ ਕੱਲ੍ਹ ਨੂੰ ਨਵਾਂ ਸਾਲ ਚੜ੍ਹਨਾ ਹੈ। ਪਰ ਮੈਨੂੰ ਕੋਈ ਚਾਅ ਨਹੀਂ ਅਜਿਹਾ ਕਿਉਂ? ਅੱਜ ਤਕ ਏਦਾਂ ਕਦੇ ਨਹੀਂ ਹੋਇਆ ਲੱਖ ਦੁੱਖ ਸੁੱਖ ਹੋਣ ਮਨ ਖਰਾਬ ਹੋਵੇ ਪਰ ਨਵੇਂ ਸਾਲ ਦਾ ਤਾਂ ਚਾਅ ਹੀ ਅਵੱਲਾ ਹੁੰਦਾ ਹੈ। ਬਸ ਅੱਜ ਇਕੱਲੀ ਬੈਠੀ ਸੋਚਣ ਲੱਗ ਗਈ ਕਿ ਅਜਿਹਾ ਕਿ ਹੁੰਦਾ ਸਿਰਫ਼ ਇਕ ਤਰੀਕ ਤੇ ਸੰਨ ਹੀ ਤਾਂ ਬਦਲਦਾ ਹੈ। ਦੀਵਾਲੀ ਮੌਕੇ ਰੌਸ਼ਨੀਆਂ ਤੇ ਪਟਾਕਿਆਂ ਦਾ ਚਾਅ ਹੁੰਦਾ, ਦੁਸ਼ਹਿਰੇ ਮੌਕੇ ਮੇਲੇ ਦਾ, ਹੌਲੀ ਮੌਕੇ ਰੰਗਾਂ ਦਾ ਪਰ ਨਵੇਂ ਸਾਲ ਮੌਕੇ ਠੰਡ ਏਨੀ ਹੁੰਦੀ ਹਰ ਕੋਈ ਆਪਣੇ ਕੰਮ ਨਿਬੇੜ ਕੇ ਘਰਾਂ ਨੂੰ ਪਹੁੰਚਦਾ। ਫਿਰ ਬਚਪਨ ਵਿਚ ਏਨਾ ਚਾਅ ਕਿਉੰ ਹੁੰਦਾ ਸੀ। ਛੋਟੇ ਹੁੰਦੇ ਸੀ ਤਾਂ ਸਕੂਲ ਵਿਚ ਛੁੱਟੀਆਂ ਹੋਣ ਕਰਕੇ ਬਿਨਾਂ ਪੜ੍ਹਾਈ ਲਿਖਾਈ ਦੀ ਟੈਂਸ਼ਨ ਤੋਂ ਬਹੁਤ ਠੰਡ ਹੋਣ ਕਰਕੇ ਰਜਾਈ ਵਿੱਚ ਮੰਮੀ ਡੈਡੀ ਨਾਲ ਬੈਠ ਕੇ ਟੈਲੀਵਿਜ਼ਨ ਤੇ ਵੱਖੋ ਵੱਖਰੇ ਪ੍ਰੋਗਰਾਮ ਦੇਖਦੇ ਤੇ ਨਾਲ ਮੂੰਗਫਲੀ,ਗੱਚਕ ਤੇ ਰਿਓੜੀਆਂ ਖਾਂਦੇ।ਇਕ ਤੋਂ ਬਾਅਦ ਇਕ ਪ੍ਰੋਗਰਾਮ ਬਹੁਤ ਉਤਸ਼ਾਹ ਨਾਲ ਦੇਖਦੇ ਤੇ ਠੰਡ ਕਰਕੇ ਮਾਂ ਵੀ ਘਰ ਦਾ ਕੋਈ ਕੰਮ ਨਾ ਕਰਵਾਉਂਦੀ ਤੇ ਰਜਾਈ ਚ ਬੈਠਿਆਂ ਨੂੰ ਰੋਟੀ ਪਾਣੀ ਮਿਲ ਜਾਂਦਾ। ਕਦ ਟੈਲੀਵਿਜ਼ਨ ਦੇਖਦੇ ਦੇਖਦੇ ਸੋ ਜਾਂਦੇ ਪਤਾ ਹੀ ਨੀ ਲੱਗਦਾ। ਤੇ ਅਗਲੇ ਦਿਨ ਉੱਠ ਕੇ ਸਾਰਿਆ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣੀਆ ਤੇ ਨਾਲ ਹੀ ਮੰਮੀ ਡੈਡੀ ਨਾਲ ਗੁੱਸੇ ਹੋ ਜਾਣਾ ਕਿ ਸਾਨੂੰ ਰਾਤ ਨੂੰ 12ਵਜੇ ਕਿਉੰ ਨਹੀਂ ਉਠਾਇਆ ਅਸੀਂ ਓਦੋਂ ਸਾਰਿਆ ਨੂੰ ਵਧਾਈਆਂ ਦੇਣੀਆ ਸੀ ਸਬ ਤੋ ਪਹਿਲਾਂ ਹੁਣ ਤਾਂ ਅਸੀਂ ਲੇਟ ਹੋ ਗਏ। ਨਿੱਕੀਆਂ ਨਿੱਕੀਆਂ ਗੱਲਾਂ ਕਿੰਨੀ ਖੁਸ਼ੀ ਦਿੰਦਿਆਂ ਸੀ। ਥੋੜੇ ਦਿਨ ਪਹਿਲਾਂ ਹੀ ਨਵੇਂ ਸਾਲ ਦੇ ਕਾਰਡ ਬਣਾ ਕੇ ਰਿਸ਼ਤੇਦਾਰਾਂ ਨੂੰ ਭੇਜਣੇ ਤੇ ਓਹਨਾ ਵੱਲੋਂ ਭੇਜੇ ਹੋਏ ਕਾਰਡ ਚਾਅ ਨਾਲ ਪੜ੍ਹਨੇ ਤੇ ਸਾਂਭ ਕੇ ਰਖਣੇ। ਹਰ ਸਾਲ ਓਹੀ ਰੁਟੀਨ ਚਲਦੀ ਪਰ ਕਦੇ ਵੀ ਓਹ ਚਾਅ ਖਤਮ ਨਾ ਹੁੰਦਾ ਸਗੋਂ ਸਮੇਂ ਨਾਲ ਵੱਧ ਦਾ ਗਿਆ। ਕਈ ਲੋਕ ਗੁਰੂ ਘਰ ਜਾ ਕੇ ਨਵਾ ਸਾਲ ਮਨਾਉਂਦੇ ਸੀ।ਅਸੀਂ ਰਾਤ ਨੂੰ ਨਹੀਂ ਪਰ ਸਵੇਰੇ ਤੜਕੇ ਉੱਠ ਕੇ ਗੁਰੂਘਰ ਜਾ ਕੇ ਆਉਣ ਵਾਲੇ ਸਾਲ ਦੀ ਸੁੱਖ ਮੰਗਦੇ ਸੀ।ਤੇ ਬਹੁਤ ਸੁਕੂਨ ਵੀ ਮਿਲਦਾ ਸੀ। ਪਰ ਇਹ ਕਿ ਜਿਵੇਂ ਹਿ ਮੇਰਾ ਵਿਆਹ ਹੋਇਆ ਇਕ ਤੋਂ ਬਾਅਦ ਦੂਜਾ ਤੇ ਫਿਰ ਤੀਜਾ ਏਦਾਂ ਕਰਦੇ ਕਿੰਨੇ ਸਾਲ ਬੀਤ ਗਏ ਪਰ ਨਵੇਂ ਸਾਲ ਦਾ ਚਾਅ ਘਟਦਾ ਘਟਦਾ ਹੁਣ ਜਾ ਕੇ ਮੁੱਕ ਹੀ ਗਿਆ।ਗੁਰੂਘਰ ਇਕ ਦੋ ਸਾਲ ਗਏ ਹਾਂ ਰਾਤ ਨੂੰ ਪਰ ਬੱਚਿਆਂ ਦੇ ਨਾਲ ਰਾਤ ਨੂੰ ਨਹੀਂ ਜਾ ਹੁੰਦਾ ਪਰ ਸਵੇਰੇ ਜਰੂਰ ਜਾਂਦੇ ਹਾਂ ਤੇ ਬੱਚਿਆਂ ਨੂੰ ਵੀ ਲੈ ਕੇ ਜਾਂਦੇ ਹਾਂ। ਹੁਣ ਨਾ ਤਾਂ ਉਹ 📺 ਟੈਲੀਵਿਜ਼ਨ ਦੇ ਪ੍ਰੋਗਰਾਮ ਰਹਿ ਗਏ ਤੇ ਨਾਂ ਹੀ ਓਹ ਬੈਠੇ ਬਿਠਾਏ ਦਾ ਰੋਟੀ ਪਾਣੀ। ਹੁਣ ਤਾਂ ਠੰਡ ਹੋਵੇ ਚਾਹੇ ਗਰਮੀ ਆਪ ਹੀ ਕੰਮ ਕਰਨਾ ਪੈਂਦਾ ਹਾਂ ਏਨਾ ਫ਼ਰਕ ਜਰੂਰ ਆਇਆ ਕੇ ਹੁਣ ਆਪਣੇ ਬੱਚਿਆਂ ਨੂੰ ਠੰਡ ਤੋਂ ਬਚਾ ਕੇ ਰੱਖਣ ਦੀ ਚਿੰਤਾ ਲਗੀ ਰਹਿੰਦੀ। 📱 ਫ਼ੋਨ ਨੇ ਕਾਰਡ ਦੀ ਜਗ੍ਹਾ ਹੀ ਖੋਹ ਲਈ। ਫੋਨ ਤੇ ਗੱਲ ਕਰਦੇ ਕਰਦੇ ਹੁਣ ਸਿਰਫ ਸੁਨੇਹਿਆਂ (ਮੈਸੇਜ) ਤੇ ਆ ਗਏ। ਮੂੰਗਫਲੀ ਗੱਚਕ ਦੀ ਜਗ੍ਹਾ ਵੀ ਬਰਗਰ ਪੀਜ਼ੇ ਤੇ ਆਊਟਡੋਰ ਪਾਰਟੀ ਨੇ ਲੈ ਲਈ। ਘਰ ਪਰਿਵਾਰ ਵਾਲਾ ਸੁਨੇਹ ਹੀ ਖਤਮ ਹੋ ਗਿਆ। ਪਰ ਫਿਰ ਵੀ ਦੁਨੀਆਦਾਰੀ ਚ ਵਿਚਰਦੇ ਹੋਏ ਸਬ ਨੂੰ ਅੰਗਰੇਜ਼ੀ ਚ ਹੈਪੀ ਨਿਊ ਯੀਅਰ ਜਰੂਰ ਕਹਿ ਲਈਦਾ। ਪਰ ਨਿਊ ਯੀਅਰ ਤਾਂ ਬਚਪਨ ਵਿਚ ਹੀ ਸੀ। ਧੰਨਵਾਦ।
Please log in to comment.