ਮੇਰਾ ਘੁਮਿਆਰਾ ਭਾਗ 28 ਮੇਰਾ ਘੁਮਿਆਰਾ ਆਬਾਦੀ ਪੱਖੋਂ ਵੱਡਾ ਪਿੰਡ ਹੈ। ਪ੍ਰੰਤੂ ਪਿੰਡ ਦੀ ਵਲਗਣ ਬਹੁਤੀ ਵੱਡੀ ਨਹੀਂ। ਜੇ ਪਿੰਡ ਵਿਚਲੇ ਘਰਾਂ ਦੀ ਗੱਲ ਕਰੀਏ ਤਾਂ ਬਹੁਤੇ ਘਰ ਪੰਜਾਹ ਤੋਂ ਸੌ ਗਜ਼ ਦੇ ਹੀ ਸਨ। ਮੇਰਾ ਦਾਦਕਾ ਘਰ ਕੋਈਂ ਦਸ ਬਾਈ ਚਾਲੀ ਫੁੱਟ ਦਾ ਹੀ ਸੀ। ਮੇਰੇ ਦਾਦਾ ਜੀ ਨੇ ਜਿਹੜਾ ਘਰ ਸਾਨੂੰ ਖਰੀਦ ਕੇ ਦਿੱਤਾ ਸੀ ਉਸ ਲਈ ਓਹਣਾਂ ਨੇ ਤਿੰਨ ਘਰ ਖਰੀਦੇ। ਇੱਕ ਘਰ ਬਾਈ ਜੂਪੇ ਕਾ ਅਤੇ ਇੱਕ ਸੰਤੋ ਕਾਲਣ (ਅਕਾਲੀ) ਕਾ। ਫਿਰ ਵੀ ਸਾਡਾ ਘਰ ਸੱਠ ਕੁ ਗਜ ਦਾ ਸੀ।।ਮੇਰੇ ਦਾਦਾ ਜੀ ਨੇ ਵੀ ਆਪਣੇ ਨਾਲ ਲੱਗਦਾ ਘਰ ਖਰੀਦ ਲਿਆ ਸੀ ਜੋ ਬਾਬੇ ਆਤਮਾ ਸਿੰਘ ਕੋਲ੍ਹ ਸੀ। ਅਸਲ ਵਿੱਚ ਇਹ ਘਰ ਮੇਰੇ ਦਾਦਾ ਜੀ ਦੇ ਚਚੇਰੇ ਭਰਾ ਗੁਰਬਚਨ ਸਿੰਘ ਸੇਠੀ ਦਾ ਸੀ। ਇਹ ਗੁਜ਼ਾਰੇ ਜੋਗਾ ਮਸਾਂ ਸੀ। ਇਸ ਤਰ੍ਹਾਂ ਸਾਡੇ ਗੁਆਂਢ ਰਹਿੰਦੀ ਚਾਚੀ ਜਸਕੁਰ, ਚਾਚੀ ਨਿੱਕੋ ਦੇ ਘਰ ਵੀ ਬਹੁਤ ਛੋਟੇ ਛੋਟੇ ਸਨ। ਕਈ ਘਰ ਤਾਂ ਦਸ ਕੁ ਫੁੱਟ ਚੋੜੇ ਸਨ। ਇੱਕ ਸਵਾਤ ਅਤੇ ਮੂਹਰੇ ਚੁੱਲ੍ਹਾ ਚੌਂਕਾ। ਡੰਗਰ ਪਸ਼ੂ ਬੰਨ੍ਹਣ ਲਈ ਵੀ ਜਗ੍ਹਾ ਨਹੀਂ ਸੀ ਹੁੰਦੀ। ਜਿਹੜਾ ਪਰਿਵਾਰ ਪਿੰਡ ਵਿਚਲਾ ਘਰ ਛੱਡਕੇ ਬਾਹਰ ਘਰ ਪਾਉਂਦਾ ਉਹ ਵਾਹਵਾ ਥਾਂ ਵਗਲਦਾ ਸੀ। ਇਹ ਗੱਲ ਨਹੀਂ ਕਿ ਸਾਰੇ ਘਰ ਹੀ ਛੋਟੇ ਸਨ। ਪੌੜ੍ਹੀਆਂ ਵਾਲੀ ਡਿੱਗੀ ਸਾਹਮਣੇ ਇੱਕ ਘਰ ਸੀ ਜਿੱਥੇ ਦੋ ਭਰਾ ਰਹਿੰਦੇ ਸਨ। ਛੋਟੇ ਨੂੰ ਸ਼ਾਇਦ ਅਧਰੰਗ ਦੀ ਸ਼ਿਕਾਇਤ ਸੀ। ਇਹ੍ਹਨਾਂ ਦੇ ਕੋਠੇ ਭਾਵੇਂ ਕੱਚੇ ਸਨ ਪ੍ਰੰਤੂ ਵੇਹੜਾ ਅਤੇ ਡੰਗਰ ਪਸ਼ੂਆਂ ਦਾ ਵਾੜਾ ਬਹੁਤ ਵੱਡਾ ਸੀ। ਇਹ ਅੱਧੇ ਪੋਣੇ ਕਿੱਲੇ ਵਿੱਚ ਬਣਿਆ ਘਰ ਸੀ। ਇਸ ਘਰ ਦਾ ਮੁੱਖ ਦਰਵਾਜ਼ਾ ਵੀ ਬਹੁਤ ਵੱਡਾ ਤੇ ਊਚਾ ਸੀ। ਇਹ੍ਹਨਾਂ ਦੇ ਨਾਲ ਹੀ ਸਾਹਿਬ ਸਿੰਹ ਨੰਬਰਦਾਰ ਦਾ ਵੱਡਾ ਸਾਰਾ ਘਰ ਸੀ। ਵੱਡੇ ਘਰਾਂ ਵਾਲੇ ਬਾਬੇ ਹਜੂਰੇ ਦਾ ਘਰ ਵੀ ਬਹੁਤ ਵੱਡਾ ਸੀ। ਟਰੈਕਟਰ ਟਰਾਲੀ ਸਣੇ ਵਿੱਢ ਅੰਦਰ ਜਾਂਦੀ ਸੀ। ਇੱਕ ਪੱਕਾ ਘਰ ਲੋਹਾਰੇ ਵਾਲੇ ਰਾਹ ਤੇ ਸੀ ਜਿਸ ਦੇ ਅੰਦਰ ਕਈ ਦਰਵਾਜੇ ਬਣੇ ਹੋਏ ਸਨ। ਪਿੰਡ ਦੀ ਫਿਰਨੀ ਤੋਂ ਬਾਹਰ ਬਣੇ ਘਰ ਵੱਡੇ ਹੀ ਸਨ। ਬਾਬੇ ਹਰਬੰਸ ਮਿੱਢੇ ਕਾ, ਬਦਰੀ ਲੋਹਾਰ ਤੇ ਹੋਰ ਕਿੰਨੇ ਹੀ ਘਰ ਸਨ ਜੋ ਬਹੁਤ ਛੋਟੇ ਸਨ। ਛੋਟੇ ਘਰਾਂ ਦੀ ਲਿਸਟ ਬਹੁਤ ਵੱਡੀ ਸੀ। ਗਲੋਲੂ ਕਾ ਘਰ ਤੇ ਨਾਲਦੇ ਘਰ ਵੀ ਛੋਟੇ ਹੀ ਸਨ। ਅੰਬੋ ਬੌਣੀ ਦੀ ਆਪਣੀ ਰਿਹਾਇਸ਼ ਅੱਜ ਦੇ ਅਪਰਟਮੈਂਟਾਂ ਦੀ ਦਾ ਪੇਂਡੂ ਵਰਜਨ ਸੀ। ਅੰਬੋ ਬੌਣੀ (ਜਿਸ ਦਾ ਪੂਰਾ ਨਾਮ ਹਰ ਕੁਰ ਸੀ ਤੇ ਇਹ ਨਾਮ ਉਸ ਦੀ ਬਾਂਹ ਤੇ ਖੁਦਿਆ ਹੋਇਆ ਸੀ) ਆਪਣੇ ਛੋਟੇ ਪੁੱਤ ਮੁਕੰਦ ਸਿੰਘ ਨਾਲ ਰਹਿੰਦੀ ਸੀ। ਮੂਹਰਲੇ ਦਰਵਾਜੇ ਵਿੱਚ ਉਸ ਦੀ ਡਬਲ ਸਟੋਰੀ ਕੋਠੜੀ ਸੀ। ਜਿਸ ਦੇ ਦਰਵਾਜੇ ਨਹੀਂ ਖਿੜਕੀਆਂ ਜਿਹੀਆਂ ਲੱਗੀਆਂ ਹੋਈਆਂ ਸਨ। ਕੋਠੜੀ ਅੰਦਰ ਅੰਬੋ ਦੀ ਪੇਟੀ ਚਰਖਾ ਸ਼ਰਦੀ ਦੇ ਬਿਸਤਰੇ ਪਏ ਹੁੰਦੇ ਸਨ। ਅੰਬੋ ਲੋਕਾਂ ਦੇ ਰਿਸ਼ਤੇ ਕਰਾਉਣ ਦੀ ਮਾਹਿਰ ਸੀ। ਵਿਚੋਲ ਗਿਰੀ ਦੇ ਖੇਸ ਕੰਬਲ ਮੋਹਰਾਂ ਤੇ ਗਾਲਾਂ ਵਾਧੂ ਮਿਲਦੀਆਂ ਸਨ। ਪਿੰਡ ਦੇ ਕਈ ਘਰ ਤਾਂ ਲਗਭਗ ਸੌ ਸਾਲ ਪੁਰਾਣੇ ਸਨ। ਇਹੀ ਹਾਲ ਪਿੰਡ ਦੀਆਂ ਗਲੀਆਂ ਦਾ ਸੀ। ਬਹੁਤੀਆਂ ਗਲੀਆਂ ਪੰਜ ਛੇ ਫੁੱਟ ਚੋੜੀਆਂ ਹੀ ਸਨ। ਪਿੰਡ ਦੀ ਮੇਨ ਗਲੀ ਅਤੇ ਫਿਰਨੀ ਨੂੰ ਛੱਡਕੇ ਬਾਕੀ ਗਲੀਆਂ ਵਿੱਚ ਗੱਡਾ ਟਰੈਕਟਰ ਲੰਘਾਉਣਾ ਔਖਾ ਸੀ। ਪੱਕੀਆਂ ਗਲੀਆਂ ਨਾਲੀਆਂ ਦੀ ਸ਼ੁਰੂਆਤ ਨਹੀਂ ਸੀ ਹੋਈ। ਭੀੜੀਆਂ ਗਲੀਆਂ ਵਿੱਚ ਚਿੱਕੜ ਹੁੰਦਾ ਸੀ। ਇਹ੍ਹਨਾਂ ਗਲੀਆਂ ਵਿੱਚ ਹੀ ਕਿਤੇ ਕਿਤੇ ਤੰਦੂਰ ਅਤੇ ਸਾਂਝੇ ਨਲਕੇ ਸਨ। ਤਕਰੀਬਨ ਹਰ ਘਰ ਮੂਹਰੇ ਟੁੱਟਿਆ ਹੋਇਆ ਘੜਾ ਰੱਖਿਆ ਹੁੰਦਾ ਸੀ ਜਾਂ ਕੱਚੀ ਜਿਹੀ ਹੋਜੀ ਬਣਾਈ ਹੁੰਦੀ ਸੀ। ਜਿਸ ਵਿੱਚ ਪਾਣੀ ਦੀ ਕਿੱਲਤ ਦੇ ਬਾਵਜੂਦ ਪਾਣੀ ਭਰਿਆ ਹੁੰਦਾ ਸੀ। ਤਾਂਕਿ ਅਵਾਰਾ ਕੁੱਤੇ ਅਤੇ ਪਸ਼ੂ ਲੰਘਦੇ ਟੱਪਦੇ ਪਾਣੀ ਪੀ ਸਕਣ। ਇਹ ਸਿਸਟਮ ਲੋਕਾਂ ਦੀ ਬੇਜ਼ੁਬਾਨਾਂ ਪ੍ਰਤੀ ਸੋਚ ਨੂੰ ਦਿਖਾਉਂਦਾ ਸੀ। ਓਹਨਾ ਦਿਨਾ ਖਸਰਾ ਚੇਚਕ ਵਰਗੀਆਂ ਬਿਮਾਰੀਆਂ ਵੀ ਆਮ ਫੈਲਦੀਆਂ ਸਨ। ਜਿਸਨੂੰ ਵੱਡੀ ਮਾਤਾ ਛੋਟੀ ਮਾਤਾ ਦਾ ਨਾਮ ਦਿੱਤਾ ਜਾਂਦਾ ਸੀ। ਇਸ ਦੀ ਨਿਸ਼ਾਨੀ ਲਈ ਘਰ ਮੂਹਰੇ ਹਲ ਦੀ ਮੁੰਨੀ ਰੱਖੀ ਜਾਂਦੀ ਸੀ। ਜਾਪੇ ਵਾਲੇ ਘਰ ਦੀ ਵੀ ਇਹੀ ਨਿਸ਼ਾਨੀ ਹੁੰਦੀ ਹੈ। ਤਕਰੀਬਨ ਸਾਰੇ ਜਾਪੇ ਪਿੰਡ ਵਿੱਚ ਹੀ ਪਿੰਡ ਦੀ ਦਾਈ ਕੋਲੋੰ ਕਰਵਾਏ ਜਾਂਦੇ ਸਨ। ਉਹ ਦਾਈਆਂ ਵੀ ਪੂਰੀਆਂ ਮਾਹਿਰ ਹੁੰਦੀਆਂ ਸਨ। ਜਾਪੇ ਤੋਂ ਬਾਅਦ ਮੁੰਡਾ ਹੋਣ ਤੇ ਬੂਹੇ ਤੇ ਨਿੰਮ ਬੰਨ੍ਹਿਆ ਜਾਂਦਾ ਸੀ। ਇਹ ਮਾਲਵੇ ਦੇ ਸਾਰੇ ਪਿੰਡਾਂ ਦਾ ਰਿਵਾਜ ਸੀ। ਕੁੱਝ ਲੋਕ ਨਿੰਮ ਦੀ ਬਜਾਇ ਸਰੀਂਹ ਵੀ ਬੰਨ੍ਹਦੇ ਸਨ। ਹਾਲਾਂਕਿ ਨਿੰਮ ਬੰਨ੍ਹਣ ਦਾ ਇੱਕ ਵਿਗਿਆਨਿਕ ਅਧਾਰ ਵੀ ਹੈ। ਜਾਪੇ ਵਾਲੀ ਔਰਤ ਨੂੰ ਪਾਣੀ ਵਿੱਚ ਨਿੰਮ ਉਬਾਲਕੇ ਨੁਹਾਇਆ ਜਾਂਦਾ ਸੀ। ਸਾਬੁਣ ਦੀ ਵਰਤੋਂ ਘੱਟ ਹੁੰਦੀ ਸੀ। ਓਹਨਾ ਦਿਨਾਂ ਵਿੱਚ ਡਾਟ ਪਾਉਣ ਦੀ ਸ਼ੁਰੂਆਤ ਹੋਈ ਸੀ। ਲੇਂਟਰ ਪਾਉਣ ਦੀ ਤਕਨੀਕ ਨਹੀਂ ਸੀ ਆਈ। ਸਕੂਲ ਦੇ ਸਾਰੇ ਕਮਰੇ ਡਾਟਾਂ ਤੇ ਪਾਏ ਹੋਏ ਹਨ। ਫਿਰ ਸਕੂਲ ਵਿੱਚ ਇੱਕ ਸਰਵੈਂਟ ਕੁਆਰਟਰ ਬਣਾਇਆ ਗਿਆ ਜਿਸ ਤੇ ਲੈਂਟਰ ਪਾਇਆ ਸੀ। ਇਸ ਮੇਰਾ ਘੁਮਿਆਰਾ ਪਿੰਡ ਵੀ ਤਰੱਕੀ ਦੀਆਂ ਲੀਹਾਂ ਤੇ ਚੱਲ ਪਿਆ। ਰਮੇਸ਼ਸੇਠੀਬਾਦਲ 9876627233
Please log in to comment.