" ਜੀ ਉੱਠੋ ਸੂਰਜ ਸਿਰ ਤੇ ਆ ਗਿਆ ਛੁੱਟੀ ਦਾ ਇਹ ਮਤਲਬ ਤਾਂ ਨਹੀਂ ਵੀ ਸਾਰਾ ਦਿਨ ਸੁੱਤੇ ਰਹੋ" ਘਰਵਾਲੀ ਨੇ ਕੁਲਦੀਪ ਨੂੰ ਹਲੂਣ ਕੇ ਉਠਾਇਆ। " ਤੁਸੀਂ ਅੱਜ ਜ਼ਮੀਨ ਦਾ ਮਾਮਲਾ ਲੈਣ ਪਿੰਡ ਵੀ ਜਾਣਾ " ਘਰਵਾਲੀ ਨੇ ਯਾਦ ਕਰਾਇਆ। " ਹਾਂ ਯਾਰ ਜਾਣਾ ਤਾਂ ਹੈ, ਚੱਲ ਮੈ ਨਹਾ ਕੇ ਆਇਆ ਤੂੰ ਨਾਸ਼ਤਾ ਬਣਾ" ਕੁਲਦੀਪ ਨੇ ਉੱਠਦੇ ਕਿਹਾ। ਨਹਾ ਕੇ ਕੁਲਦੀਪ ਤਿਆਰ ਹੋ ਨਾਸ਼ਤਾ ਕਰਨ ਲੱਗਾ " ਇਸ ਵਾਰ ਠੇਕਾ ਵਧਾ ਕੇ ਲੈ ਕੇ ਆਇਓ ਕਈ ਸਾਲਾ ਤੋ ਉਨ੍ਹਾਂ ਹੀ ਲਈ ਜਾਂਦੇ ਹੋ ਬਥੇਰੀ ਕਮਾਈ ਹੈ ਉਨ੍ਹਾਂ ਨੂੰ" ਘਰਵਾਲੀ ਨੇ ਨਸੀਹਤ ਦਿੱਤੀ। " ਠੀਕ ਹੈ ਕੋਈ ਨੀ ਐਤਕੀਂ ਵਧਾ ਲਵਾਂਗੇ" ਕੁਲਦੀਪ ਨੇ ਠਰਮੇ ਨਾਲ ਕਿਹਾ। ਕੁਲਦੀਪ ਤੇ ਮਨਦੀਪ ਦੋ ਭਰਾ ਇੱਕ ਸ਼ਹਿਰ ਨੌਕਰੀ ਕਰਦਾ ਹੈ ਤੇਂ ਇੱਕ ਪਿੰਡ ਖੇਤੀ ਕਰਦਾ ਹੈ । ਚਾਰ ਕਿੱਲੇ ਜ਼ਮੀਨ ਸੀ ਸਾਰੀ। ਕੁਲਦੀਪ ਆਪਣੇ ਦੋ ਕਿੱਲੇ ਆਪਣੇ ਭਰਾ ਨੂੰ ਹੀ ਠੇਕੇ ਤੇ ਦੇ ਆਉਂਦਾ ਹੈ ਨੱਬੇ ਹਜ਼ਾਰ ਵਿੱਚ । ਚਾਰ ਕੀਲਿਆ ਦੀ ਖੇਤੀ ਚੋ ਮਨਦੀਪ ਦਾ ਗੁਜ਼ਾਰਾ ਨਹੀਂ ਹੁੰਦਾ ਉਹ ਨਾਲ ਨਾਲ ਡੇਅਰੀ ਦਾ ਕੰਮ ਵੀ ਕਰਦਾ । ਇਸ ਕੰਮ ਚ ਉਸ ਦੀ ਘਰਵਾਲੀ ਵੀ ਉਸ ਦਾ ਸਾਥ ਦਿੰਦੀ ਹੈ । ਕੁਲਦੀਪ ਭਾਵੇਂ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਪਰ ਤਨਖ਼ਾਹ ਐਨੀ ਨਹੀਂ ਸੀ ਕੇ ਘਰ ਵਧੀਆ ਚਲਾ ਸਕਦਾ ਇਸ ਲਈ ਉਸ ਦੀ ਘਰਵਾਲੀ ਨੂੰ ਵੀ ਨੌਕਰੀ ਕਰਨੀ ਪੈਂਦੀ ਸੀ ।ਕੁਲਦੀਪ ਤੋਂ ਆਪਣੇ ਭਰਾ ਦੀ ਹਾਲਤ ਛੁਪੀ ਨਹੀਂ ਸੀ । ਉਹ ਨਹੀਂ ਸੀ ਚਾਹੁੰਦਾ ਕੇ ਜ਼ਮੀਨ ਦਾ ਠੇਕਾ ਵਧਾਇਆ ਜਾਵੇ, ਪਰ ਘਰਵਾਲੀ ਨੂੰ ਵੀ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ। ਉਹ ਨੇ ਪਿੰਡ ਜਾਣ ਤੋ ਪਹਿਲਾ ATM ਤੋਂ ਪੰਜ ਹਜ਼ਾਰ ਕਢਾਏ ਤੇ ਪਿੰਡ ਲਈ ਚਾਲੇ ਮਾਰ ਦਿੱਤੇ। " ਮੈ ਕਿਹਾ ਜੀ , ਬਾਈ ਜੀ ਨੂੰ ਐਤਕੀਂ ਪੰਜ ਹਜ਼ਾਰ ਘੱਟ ਦੇ ਦਿਓ। ਉਹ ਤਾਂ ਦੋਵੇਂ ਜੀਅ ਨੌਕਰੀ ਕਰਦੇ ਨੇ ਸ਼ਹਿਰ ਰਹਿੰਦੇ ਨੇ ਉਨ੍ਹਾਂ ਨੂੰ ਕੀ ਫ਼ਰਕ ਪੈਂਦਾ । ਆਹ ਸੰਨੀ ਨੂੰ ਸਾਲ ਹੋ ਗਿਆ ਸਾਈਕਲ ਮੰਗਦੇ ਨੂੰ ਇਹਨੂੰ ਸਾਈਕਲ ਲੈ ਦਿਓ ਵਿਚਾਰਾ ਤੁਰ ਕੇ ਸਕੂਲ ਜਾਂਦਾ ਰੋਜ਼ " ਮਨਦੀਪ ਦੀ ਪਤਨੀ ਨੇ ਮਨਦੀਪ ਨੂੰ ਸਮਝਾਇਆ। " ਕੋਈ ਗਲ਼ ਨਹੀਂ ਮੈ ਬਾਈ ਨਾਲ ਗੱਲ਼ ਕਰੂ ਉਹ ਕਿਹੜਾ ਆਪਣੀ ਗੱਲ਼ ਮੋੜਦਾ " ਮਨਦੀਪ ਨੇ ਜਵਾਬ ਦਿੱਤਾ। " ਉਹ ਮੇਰਾ ਭਰਾ ਹੀ ਨਹੀਂ ਪਿਉਂ ਵੀ ਹੈ । ਜੱਦੋ ਮਾਂ ਬਾਪ ਨਾ ਹੋਣ ਤਾਂ ਵੱਡੇ ਭਰਾਂ ਪਿਉਆਂ ਵਾਂਗ ਹੁੰਦੇ ਨੇ" ਮਨਦੀਪ ਨੇ ਭਾਵੁਕ ਹੋ ਕੇ ਕਿਹਾ । ਮਨਦੀਪ ਆੜ੍ਹਤੀਏ ਤੋ ਨੱਬੇ ਹਜ਼ਾਰ ਲਿਆਇਆਂ। ਉਸ ਨੇ ਪੰਜ ਹਜ਼ਾਰ ਜੇਬ ਚ ਰੱਖ ਪੰਜਾਸੀ ਹਜ਼ਾਰ ਘਰਵਾਲੀ ਨੂੰ ਫੜਾ ਦਿੱਤੇ ਵੀ ਬਾਈ ਨੂੰ ਦੇਵਾਂਗੇ। ਕੁਲਦੀਪ ਪਿੰਡ ਆ ਗਿਆ ਦੋਵੇਂ ਭਰਾਵਾਂ ਨੇ ਠੇਕੇ ਬਾਰੇ ਇੱਕ ਦੂਜੇ ਨਾਲ ਕੋਈ ਗਲ਼ ਨਹੀਂ ਕੀਤੀ ।ਮਨਦੀਪ ਨੇ ਘਰਵਾਲੀ ਤੋ ਪਚਾਸੀ ਹਜ਼ਾਰ ਫੜ੍ਹ ਕੇ ਪੰਚ ਹਜ਼ਾਰ ਜੇਬ ਵਿਚਲਾ ਪਾ ਕੇ ਕੁਲਦੀਪ ਨੂੰ ਪੂਰਾ ਨੱਬੇ ਹਜ਼ਾਰ ਫੜ੍ਹਾ ਦਿੱਤਾ। "ਬਾਈ ਜੀ ਬੋਲੇ ਨੀ ਵੀ ਪੈਸੇ ਘੱਟ ਨੇ" ਘਰਵਾਲੀ ਨੇ ਮਨਦੀਪ ਤੋ ਪੁੱਛਿਆ । " ਨਹੀਂ ਮੈਂ ਤੈਨੂੰ ਕਿਹਾ ਤਾਂ ਹੈ ਉਹ ਨਹੀਂ ਬੋਲਦਾ " ਮਨਦੀਪ ਨੇ ਕਿਹਾ। ਕੁਲਦੀਪ ਰੋਟੀ ਖਾਂ ਹੀ ਰਿਹਾ ਸੀ ਕੇ ਮਨਦੀਪ ਦਾ ਮੁੰਡਾ ਸੰਨੀ ਆ ਗਿਆ । ਤਾਇਆ ਜੀ ਦੇ ਪੈਰੀਂ ਹੱਥ ਲਾ ਆਪਣੇ ਮਾਂ ਪਿਉ ਦੀਆਂ ਸ਼ਕਾਇਤਾਂ ਲਾਉਣ ਲੱਗਾ। " ਤਾਇਆ ਜੀ ਇਹ ਮੈਨੂੰ ਸਾਈਕਲ ਨਹੀਂ ਲੈ ਕੇ ਦਿੰਦੇ ਮੈ ਰੋਜ਼ ਤੁਰ ਕੇ ਸਕੂਲ ਜਾਦਾ" " ਬਈ ਮਨਦੀਪ ਮੁੰਡੇ ਨੂੰ ਸਾਈਕਲ ਕਿਉਂ ਨਹੀ ਲੈ ਕੇ ਦਿੰਦੇ ? ਇਸ ਨੂੰ ਲੈ ਕੇ ਦਿਉ ਵੀ ਜ਼ਰੂਰ " ਕੁਲਦੀਪ ਨੇ ਕਿਹਾ । " ਹਾਂ ਬਾਈ ਬੱਸ ਲੈ ਕੇ ਦਿੰਦੇ ਥੋੜ੍ਹਾ ਹੱਥ ਤੰਗ ਸੀ " ਮਨਦੀਪ ਨੇ ਸਫ਼ਾਈ ਦਿੱਤੀ । ਕੁਲਦੀਪ ਵਾਪਸੀ ਸ਼ਹਿਰ ਆ ਗਿਆ ਤੇ ਉਸ ਨੇ ਨੱਬੇ ਹਜ਼ਾਰ ਮਨਦੀਪ ਵਾਲਾ ਤੇ ਪੰਜ ਹਜ਼ਾਰ ਆਪਣੇ ਵਾਲਾ ਮਿਲਾਕੇ ਪੰਚਨਵੇ ਹਜ਼ਾਰ ਘਰਵਾਲੀ ਨੂੰ ਲਿਆ ਫੜਾਇਆ। " ਕਿੰਨੇ ਮਿਲੇ ਜੀ" "ਪੰਚਨਵੇ ਹਜ਼ਾਰ ਪੰਜ ਵਧਾ ਲਿਆ ਠੇਕਾ ਐਤਕੀਂ" " ਬੋਲੇ ਨੀ ਕੁੱਝ ਜੀ, ਕਹਿੰਦਾ ਹੋਣੇ ਬਾਈ ਐਤਕੀਂ ਉੱਨੇ ਹੀ ਲੈ ਜਾ" "ਨਹੀਂ ਮਨਦੀਪ ਮੇਰੇ ਬੱਚਿਆ ਵਰਗਾ ਹੈ ਮੇਰਾ ਕਿਹਾ ਨੀ ਮੋੜਦਾ। ਭਾਵੇਂ ਸੰਨੀ ਨੂੰ ਸਾਈਕਲ ਦੀ ਲੋੜ ਸੀ ਪਰ ਉਸ ਨੇ ਉਸਨੂੰ ਸਾਈਕਲ ਨੀ ਲੈ ਕੇ ਦਿੱਤਾ ਮੈਨੂੰ ਪੈਸੇ ਦੇ ਦਿੱਤੇ" ਕੁਲਦੀਪ ਨੇ ਸਫ਼ਾਈ ਦਿੱਤੀ । "ਹੁਣ ਖ਼ੁਸ਼ ਹੈ" ਕੁਲਦੀਪ ਨੇ ਘਰਵਾਲੀ ਨੂੰ ਪੁੱਛੀਆਂ । ਘਰਵਾਲੀ ਨੇ ਪੈਸੇ ਗਿਣ ਕੇ ਤਸੱਲੀ ਕਰ ਲਈ ਤੇ ਅੰਦਰ ਰੱਖ ਦਿੱਤੇ। ਥੋਹੜੀ ਦੇਰ ਬਾਅਦ ਪਤਾਂ ਨਹੀ ਉਸ ਦੇ ਮਨ ਚ ਕੀ ਆਇਆ । ਉਹ ਅੰਦਰ ਗਈ ਤੇਂ ਪੰਜ ਹਜ਼ਾਰ ਲਿਆ ਕੇ ਕੁਲਦੀਪ ਨੂੰ ਫੜਾ ਦਿੱਤਾ । " ਇਹ ਕਾਹਦੇ ਲਈ" ਕੁਲਦੀਪ ਨੇ ਹੈਰਾਨ ਹੋ ਕੇ ਪੁੱਛਿਆ । "ਸੰਨੀ ਦੇ ਸਾਈਕਲ ਲਈ , ਤੁਸੀਂ ਸੰਨੀ ਨੂੰ ਸਾਈਕਲ ਲੈ ਦਿਓ ਉਹ ਆਪਣਾ ਕਿਹੜਾ ਕੁੱਝ ਲੱਗਦਾ ਨਹੀਂ" ਘਰਵਾਲੀ ਨੇ ਜਵਾਬ ਦਿੱਤਾ । ਕੁਲਦੀਪ ਨੂੰ ਜਿਵੇਂ ਚਾਅ ਚੜ ਗਿਆ ਉਸ ਨੇ ਮਨਦੀਪ ਨੂੰ ਸ਼ਹਿਰ ਸੱਦ ਲਿਆ ਵੀ ਸੰਨੀ ਲਈ ਸਾਈਕਲ ਲੈ ਜਾ । ਮਨਦੀਪ ਸਾਈਕਲ ਲੈਣ ਆਇਆ ਪਿੰਡੋਂ ਚਾਰ ਕਿੱਲੋ ਘਿਉ , ਦੁੱਧ ਦੀ ਕੇਨੀ, ਸਬਜ਼ੀਆਂ ਤੇ ਕਿੰਨਾ ਕੁੱਝ ਹੋਰ ਲੈ ਆਇਆ।ਸੰਨੀ ਲਈ ਉਸ ਦੀ ਮਨਪਸੰਦ ਦਾ ਸਾਈਕਲ ਖਰੀਦਿਆਂ ਗਿਆ। ਪਿੰਡੋਂ ਆਇਆਂ ਐਨਾ ਸਮਾਨ ਵੇਖਕੇ ਕੁਲਦੀਪ ਦੀ ਘਰਵਾਲੀ ਬਹੁਤ ਖ਼ੁਸ਼ ਹੋਈ । ਕੁਝ ਸਮਾਨ ਉਹ ਆਪਣੀਆਂ ਸਹੇਲੀਆਂ ਵਾਸਤੇ ਲੈ ਗਈ ਵੀ ਸਾਡੇ ਪਿੰਡੋਂ ਆਇਆ। ਉੱਧਰ ਜੱਦੋ ਮਨਦੀਪ ਸਾਈਕਲ ਲੈ ਕੇ ਪਿੰਡ ਪਹੁੰਚਿਆ ਤਾਂ ਸਾਰਾ ਟੱਬਰ ਬਹੁਤ ਖ਼ੁਸ਼ ਹੋਇਆ। ਸੰਨੀ ਨੂੰ ਉਸ ਦਾ ਮਨਪਸੰਦ ਸਾਈਕਲ ਮਿਲ ਗਿਆ। ਉਹ ਚਾਈ ਚਾਈ ਆਪਣੇ ਦੋਸਤਾ ਨੂੰ ਦਸਦਾ ਫਿਰੇ ਵੀ ਇਹ ਸਾਈਕਲ ਮੇਰੇ ਤਾਏ ਨੇ ਭੇਜਿਆ ਹੈ। ਉਨ੍ਹਾਂ ਦੋਵੇਂ ਭਰਾਵਾਂ ਦੇ ਛੋਟੇ ਜੇ ਝੂਠ ਨੇ ਦੋਹਾ ਪਰਿਵਾਰਾਂ ਵਿੱਚ ਖ਼ੁਸ਼ੀ ਲੈ ਆਦੀ । ਲਖਵਿੰਦਰ ਸਿੰਘ ਸੰਧੂ
Please log in to comment.